ਕ੍ਰਿਕੇਟ ਆਸਟਰੇਲੀਆ ਵਲੋਂ ਸੀਰੀਜ਼ ਮੁਲਤਵੀ ਕਰਨ ’ਤੇ ਭੜਕਿਆ ਅਫਗਾਨਿਸਤਾਨ, ਚਿੱਠੀ ਭੇਜ ਕੇ ਪ੍ਰਗਟਾਈ ਨਾਰਾਜ਼ਗੀ
ਕਿਹਾ, ਸਰਕਾਰ ਦੇ ਦਬਾਅ ਅੱਗੇ ਨਾ ਝੁਕੋ
ਕਾਬੁਲ: ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.)ਨੇ ਕ੍ਰਿਕਟ ਆਸਟਰੇਲੀਆ (ਸੀ.ਏ.) ਨੂੰ ਅਪੀਲ ਕੀਤੀ ਹੈ ਕਿ ਉਹ ਦੁਵਲੀ ਟੀ-20 ਸੀਰੀਜ਼ ਮੁਲਤਵੀ ਹੋਣ ਤੋਂ ਬਾਅਦ ਅਪਣੀ ਸਰਕਾਰ ਦੇ ਦਬਾਅ ਅੱਗੇ ਨਾ ਝੁਕੇ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਵਿਰੁਧ ਘਰੇਲੂ ਟੀ-20 ਸੀਰੀਜ਼ ਮੁਲਤਵੀ ਕਰ ਦਿਤੀ ਸੀ, ਜੋ ਇਸ ਸਾਲ ਅਗੱਸਤ ’ਚ ਹੋਣੀ ਸੀ। ਉਨ੍ਹਾਂ ਨੇ ਇਹ ਫੈਸਲਾ ਅਫਗਾਨਿਸਤਾਨ ’ਚ ਔਰਤਾਂ ਅਤੇ ਲੜਕੀਆਂ ਦੀ ਮਾੜੀ ਹਾਲਤ ਦਾ ਹਵਾਲਾ ਦਿੰਦੇ ਹੋਏ ਲਿਆ ਹੈ।
ਤਲਖ਼ ਲਹਿਜ਼ੇ ’ਚ ਲਿਖੀ ਚਿੱਠੀ ’ਚ ਏ.ਸੀ.ਬੀ. ਨੇ ਸੀ.ਏ. ਦੇ ਇਸ ਕਦਮ ਦੀ ਨਿੰਦਾ ਕਰਦੇ ਹੋਏ ਕਿਹਾ, ‘‘ਅਫਗਾਨਿਸਤਾਨ ਕ੍ਰਿਕਟ ਬੋਰਡ ਕ੍ਰਿਕਟ ਆਸਟਰੇਲੀਆ ਵਲੋਂ ਇਕ ਹੋਰ ਦੁਵਲੀ ਸੀਰੀਜ਼ ਮੁਲਤਵੀ ਕਰਨ ਦੇ ਫੈਸਲੇ ਤੋਂ ਨਿਰਾਸ਼ ਹੈ। ਅਸੀਂ ਕ੍ਰਿਕਟ ਨੂੰ ਸਿਆਸੀ ਪ੍ਰਭਾਵ ਤੋਂ ਦੂਰ ਰੱਖਣ ਦੀ ਵਕਾਲਤ ਕਰਦੇ ਹਾਂ। ਅਫਗਾਨਿਸਤਾਨ ’ਚ ਕ੍ਰਿਕਟ ਦਾ ਬਹੁਤ ਪ੍ਰਭਾਵ ਹੈ ਅਤੇ ਇਹ ਲੋਕਾਂ ਨੂੰ ਖੁਸ਼ੀ ਦਿੰਦਾ ਹੈ।’’
ਇਸ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ ਨੇ ਨਵੰਬਰ 2021 ’ਚ ਹੋਬਾਰਟ ’ਚ ਅਫਗਾਨਿਸਤਾਨ ਵਿਰੁਧ ਇਕਲੌਤਾ ਟੈਸਟ ਵੀ ਰੱਦ ਕਰ ਦਿਤਾ ਸੀ, ਜਿਸ ਤੋਂ ਬਾਅਦ ਯੂ.ਏ.ਈ. ’ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਮੁਲਤਵੀ ਕਰ ਦਿਤੀ ਗਈ ਸੀ। ਅਫਗਾਨਿਸਤਾਨ ਬੋਰਡ ਦਾ ਮੰਨਣਾ ਹੈ ਕਿ ਸੀ.ਏ. ਆਸਟਰੇਲੀਆ ਸਰਕਾਰ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਹੈ। ਏ.ਸੀ.ਬੀ. ਨੇ ਕ੍ਰਿਕਟ ਆਸਟਰੇਲੀਆ ਨੂੰ ਅਪੀਲ ਕੀਤੀ ਹੈ ਕਿ ਉਹ ਆਈ.ਸੀ.ਸੀ. ਦੇ ਪੂਰਨ ਮੈਂਬਰ ਦੇਸ਼ ਵਜੋਂ ਉਸ ਦੀ ਸਥਿਤੀ ਨੂੰ ਸਮਝੇ ਅਤੇ ਉਸ ਦਾ ਸਨਮਾਨ ਕਰੇ। ਇਹ ਲੋਕਾਂ ਨੂੰ ਬਾਹਰੀ ਦਬਾਅ ਜਾਂ ਸਿਆਸੀ ਪ੍ਰਭਾਵ ਦੇ ਅੱਗੇ ਝੁਕਣ ਦੀ ਬਜਾਏ ਵਿਕਲਪਕ ਹੱਲ ਲੱਭਣ ਦੀ ਵੀ ਅਪੀਲ ਕਰਦਾ ਹੈ।