ਨਡਾਲ ਬਣੇ ਨੌਵੀਂ ਵਾਰ ਇਟਾਲੀਅਨ ਓਪਨ ਚੈਂਪੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਮਾਂਚਕ ਫ਼ਾਈਨਲ ਮੁਕਾਬਲੇ 'ਚ 6-0, 4-6, 6-1 ਨਾਲ ਹਰਾਇਆ

Nadal beats Djokovic for 9th Italian Open title

ਰੋਮ : ਸਾਬਕਾ ਚੈਂਪੀਅਨ ਸਪੇਨ ਦੇ ਰਾਫ਼ੇਲ ਨਡਾਲ ਨੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਰੋਮਾਂਚਕ ਫ਼ਾਈਨਲ ਮੁਕਾਬਲੇ 'ਚ 6-0, 4-6, 6-1 ਨਾਲ ਹਰਾ ਕੇ ਕਰੀਅਰ 'ਚ ਨੌਵੀਂ ਵਾਰ ਇਟਾਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਅਪਣੇ ਨਾਂ ਕਰ ਲਿਆ ਹੈ। ਨਡਾਲ ਦਾ ਇਹ ਰੋਮ 'ਚ ਰੀਕਾਰਡ ਨੌਵਾਂ ਖ਼ਿਤਾਬ ਹੈ ਜਦਕਿ ਓਵਰਆਲ 34ਵਾਂ ਮਾਸਟਰਸ ਖ਼ਿਤਾਬ ਹੈ। ਇਹ ਪਹਿਲਾ ਮੌਕਾ ਹੈ ਜਦੋਂ ਦੋਹਾਂ ਖਿਡਾਰੀਆਂ ਵਿਚਾਲੇ ਪਹਿਲਾ ਸੈਟ 6-0 'ਤੇ ਖ਼ਤਮ ਹੋਇਆ ਜਿਸ ਨੂੰ ਸਪੈਨਿਸ਼ ਖਿਡਾਰੀ ਨੇ ਜਿਤਿਆ।

ਦੂਜੇ ਸੈੱਟ 'ਚ ਜੋਕੋਵਿਚ ਨੇ ਜ਼ਬਰਦਸਤ ਵਾਪਸੀ ਕੀਤੀ ਅਤੇ ਨਡਾਲ ਦੀ ਸਰਵਿਸ ਬ੍ਰੇਕ ਕਰਦੇ ਹੋਏ ਸਕੋਰ 5-4 ਤਕ ਪਹੁੰਚਾ ਦਿਤਾ। ਸਰਬੀਆਈ ਖਿਡਾਰੀ ਨੇ ਫਿਰ 6-4 ਨਾਲ ਸੈੱਟ ਜਿਤਿਆ ਅਤੇ ਮੁਕਾਬਲਾ 1-1 ਦੀ ਬਰਾਬਰੀ 'ਤੇ ਆ ਗਿਆ। ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਨੇ ਵਾਪਸੀ ਕੀਤੀ ਅਤੇ ਫ਼ੈਸਲਾਕੂਨ ਸੈਟ ਜਿੱਤ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ। ਨਡਾਲ ਨੇ ਜਿੱਤ ਤੋਂ ਬਾਅਦ ਕਿਹਾ, ''ਮੇਰੇ ਲਈ ਇਥੇ ਆਉਣਾ ਹਮੇਸ਼ਾ ਸਨਮਾਨ ਦੀ ਗੱਲ ਹੁੰਦੀ ਹੈ। ਮੈਨੂੰ ਅਜ ਵੀ ਯਾਦ ਹੈ ਕਿ ਜਦੋਂ ਮੈਂ 2005 'ਚ ਇੱਥੇ ਆਇਆ ਸੀ। ਇਥੇ ਵਾਪਸ ਆਉਣਾ ਅਤੇ ਇੰਨੇ ਸਾਲਾਂ ਬਾਅਦ ਵੀ ਟਰਾਫ਼ੀ ਜਿਤਣਾ ਕਮਾਲ ਦਾ ਅਹਿਸਾਸ ਹੈ।''