ਅੰਮ੍ਰਿਤਸਰ 'ਚ STF ਦੀ ਵੱਡੀ ਕਾਰਵਾਈ : 8ਵੀਂ ਦੇ ਵਿਦਿਆਰਥੀ ਸਮੇਤ 4 ਸ਼ੱਕੀ ਹਿਰਾਸਤ 'ਚ ਲਏ

ਏਜੰਸੀ

ਖ਼ਬਰਾਂ, ਖੇਡਾਂ

ਹਥਿਆਰ ਤੇ ਵਿਸਫੋਟਕ ਸਮੱਗਰੀ ਵੀ ਕੀਤੀ ਬਰਾਮਦ

Major STF operation in Amritsar

ਅੰਮ੍ਰਿਤਸਰ : ਸਾਕਾ ਨੀਲਾ ਤਾਰਾ ਦੀ ਬਰਸੀ 'ਤੇ 6 ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਤੋਂ ਪਹਿਲਾਂ ਪੰਜਾਬ 'ਚ ਪੂਰਾ ਸੂਬਾ ਹਾਈ ਅਲਰਟ 'ਤੇ ਹੈ। ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਪਹਿਲਾਂ ਹੀ ਕੇਂਦਰ ਤੋਂ ਵਾਧੂ ਸੁਰੱਖਿਆ ਬਲ ਮੰਗ ਲਏ ਹਨ। ਇਸੇ ਦੌਰਾਨ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (STF) ਨੇ ਅੰਮ੍ਰਿਤਸਰ ਵਿੱਚ ਵੱਡੀ ਕਾਰਵਾਈ ਕੀਤੀ ਹੈ। ਟੀਮ ਨੇ 8ਵੀਂ ਜਮਾਤ ਦੇ ਵਿਦਿਆਰਥੀ ਸਮੇਤ 4 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਹੈ। ਇਨ੍ਹਾਂ ਚਾਰਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਅੰਮ੍ਰਿਤਸਰ ਵਿੱਚ ਵੱਖ-ਵੱਖ ਥਾਵਾਂ ’ਤੇ ਕਾਰਵਾਈ ਕਰਦੇ ਹੋਏ ਅੱਠਵੀਂ ਜਮਾਤ ਦੇ ਵਿਦਿਆਰਥੀ ਹਰਨਾਮ ਸਿੰਘ (ਕਾਲਪਨਿਕ ਨਾਂ), ਹਰਪ੍ਰੀਤ ਹੈਪੀ ਵਾਸੀ ਧਨੋਆ ਕਲਾਂ, ਚੱਕ ਅੱਲ੍ਹਾ ਬਖਸ਼ ਦਿਲਬਾਗ ਸਿੰਘ ਅਤੇ ਧਨੋਆ ਖੁਰਦ ਸਵਿੰਦਰ ਭੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਟੀਐਫ ਇਹ ਕਾਰਵਾਈ ਪਿਛਲੇ ਕੁਝ ਦਿਨਾਂ ਤੋਂ ਗੁਪਤ ਤਰੀਕੇ ਨਾਲ ਕਰ ਰਹੀ ਸੀ। 8ਵੀਂ ਦਾ ਵਿਦਿਆਰਥੀ ਨਾਬਾਲਗ ਹੋਣ ਕਾਰਨ ਉਸ ਦਾ ਨਾਮ ਜਨਤਕ ਨਹੀਂ ਕੀਤਾ ਜਾ ਰਿਹਾ।

ਐਸਟੀਐਫ ਨੇ ਉਨ੍ਹਾਂ ਨੂੰ ਜੁਵੇਨਾਈਲ ਜੇਲ੍ਹ ਭੇਜ ਦਿੱਤਾ ਹੈ। ਅਧਿਕਾਰੀ ਅਜੇ ਇਸ ਕਾਰਵਾਈ ਦੀ ਪੁਸ਼ਟੀ ਨਹੀਂ ਕਰ ਰਹੇ ਹਨ ਪਰ ਅੱਜ ਸ਼ਾਮ ਤੱਕ ਡੀਜੀਪੀ ਖ਼ੁਦ ਇਸ ਸਫ਼ਲਤਾ ਬਾਰੇ ਜਾਣਕਾਰੀ ਦੇ ਸਕਦੇ ਹਨ। ਐਸਟੀਐਫ ਨੇ ਚਾਰਾਂ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਹੈ, ਪਰ ਇਹ ਸਮੱਗਰੀ ਕਿੰਨੀ ਹੈ, ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ।

ਮੋਹਾਲੀ 'ਚ ਧਮਾਕੇ ਤੋਂ ਬਾਅਦ ਮਿਲੀ ਵੱਡੀ ਸਫਲਤਾ
ਪੰਜਾਬ ਪੁਲਿਸ ਮੋਹਾਲੀ 'ਚ ਇੰਟੈਲੀਜੈਂਸ ਵਿੰਗ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਅਲਰਟ 'ਤੇ ਹੈ। ਸਰਹੱਦ ਪਾਰ ਹੋਣ ਵਾਲੀਆਂ ਗਤੀਵਿਧੀਆਂ 'ਤੇ ਵਿਸ਼ੇਸ਼ ਚੌਕਸੀ ਰੱਖੀ ਜਾ ਰਹੀ ਹੈ। ਇਸ ਚੌਕਸੀ ਕਾਰਨ ਐਸਐਸਓਸੀ ਨੇ ਬੁੱਧਵਾਰ ਨੂੰ ਦੋ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਹੁਣ ਐਸਟੀਐਫ ਨੇ ਚਾਰ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਸ ਤੋਂ ਇਲਾਵਾ ਅਜਿਹੇ ਸਬੂਤ ਵੀ ਮਿਲੇ ਹਨ, ਜੋ ਇਨ੍ਹਾਂ ਚਾਰਾਂ ਨੂੰ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਨਾਲ ਜੋੜ ਰਹੇ ਹਨ।