ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਸ਼ੂਟ ਆਊਟ ਵਿੱਚ ਹਰਾਇਆ
ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਦਰਜ ਕੀਤੀ ਜਿੱਤ
representational Image
ਨਵੀਂ ਦਿੱਲੀ : ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਦੌਰੇ ਦੇ ਆਪਣੇ ਆਖ਼ਰੀ ਮੈਚ ਵਿੱਚ ਦੱਖਣੀ ਅਫਰੀਕਾ ਦੀ ਅੰਡਰ-21 ਟੀਮ ਖ਼ਿਲਾਫ਼ ਪੈਨਲਟੀ ਸ਼ੂਟਆਊਟ ਵਿੱਚ 4-3 ਨਾਲ ਜਿੱਤ ਦਰਜ ਕੀਤੀ।
ਅੰਡਰ-21 ਦੱਖਣੀ ਅਫਰੀਕੀ ਟੀਮ ਖ਼ਿਲਾਫ਼ ਆਪਣੇ ਸਾਰੇ ਮੈਚ ਜਿੱਤਣ ਤੋਂ ਬਾਅਦ ਭਾਰਤ ਹੁਣ ਮੇਜ਼ਬਾਨ ਦੇਸ਼ ਦੀ 'ਏ' ਟੀਮ ਖ਼ਿਲਾਫ਼ ਦੋ ਮੈਚ ਖੇਡਣ ਦੀ ਤਿਆਰੀ ਕਰ ਰਿਹਾ ਹੈ। ਦੋਵੇਂ ਟੀਮਾਂ ਨਿਯਮਤ ਸਮੇਂ ਵਿੱਚ ਗੋਲ ਕਰਨ ਵਿੱਚ ਅਸਫਲ ਰਹੀਆਂ ਜਿਸ ਕਾਰਨ ਸ਼ੂਟ ਆਊਟ ਹੋਇਆ ਜਿਸ ਨੂੰ ਭਾਰਤੀ ਟੀਮ ਨੇ 4-3 ਨਾਲ ਜਿੱਤ ਲਿਆ।
ਦੱਖਣੀ ਅਫਰੀਕਾ ਦਾ ਦੌਰਾ ਅਹਿਮ ਅੰਡਰ-21 ਏਸ਼ੀਆ ਕੱਪ ਲਈ ਟੀਮ ਦੀਆਂ ਤਿਆਰੀਆਂ ਦਾ ਹਿੱਸਾ ਹੈ, ਜੋ ਕਿ ਆਗਾਮੀ ਐੱਫਆਈਐੱਚ ਮਹਿਲਾ ਹਾਕੀ ਜੂਨੀਅਰ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਵਾਲਾ ਟੂਰਨਾਮੈਂਟ ਹੈ। ਭਾਰਤੀ ਟੀਮ 24 ਅਤੇ 25 ਫਰਵਰੀ ਨੂੰ ਦੱਖਣੀ ਅਫਰੀਕਾ 'ਏ' ਦੇ ਖ਼ਿਲਾਫ਼ ਦੋ ਮੈਚ ਖੇਡੇਗੀ ਜਿੱਥੇ ਮਹਿਮਾਨ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਣ ਦਾ ਟੀਚਾ ਰੱਖਣਗੇ।