ਖੇਲੋ ਇੰਡੀਆ ਯੂਥ ਗੇਮਜ਼ ਦਾ ਹਿੱਸਾ ਹੋਵੇਗਾ ਗੱਤਕਾ, ਖੇਡ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਭਾਰਤ ਦੀਆਂ ਸਵਦੇਸ਼ੀ ਖੇਡਾਂ ਨੂੰ ਹਰਮਨ ਪਿਆਰਾ ਬਣਾਉਣਾ ਖੇਡ ਮੰਤਰਾਲੇ ਦੀ ਤਰਜੀਹ- ਕਿਰਣ ਰਿਜਿਜੂ
ਨਵੀਂ ਦਿੱਲੀ: ਖੇਲੋ ਇੰਡੀਆ ਯੂਥ ਗੇਮਜ਼ 2021 ਵਿਚ ਚਾਰ ਦੇਸੀ ਖੇਡਾਂ ਨੂੰ ਸ਼ਾਮਲ ਕਰਨ ਲਈ ਖੇਡ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹਨਾਂ ਖੇਡਾਂ ਵਿਚ ਗੱਤਕਾ, ਕਲੱਰੀਪਾਇਤੂ , ਥਾਂਗਟਾ ਅਤੇ ਮਲਖੰਭ ਖੇਡਾਂ ਸ਼ਾਮਲ ਹਨ। ਦੱਸ ਦਈਏ ਕਿ ਖੇਲੋ ਇੰਡੀਆ ਯੂਥ ਗੇਮਜ਼ ਹਰਿਆਣਾ ਦੇ ਪੰਚਕੂਲਾ ਵਿਚ ਹੋਣ ਵਾਲੇ ਹਨ।
ਕੇਂਦਰੀ ਖੇਡ ਮੰਤਰੀ ਕਿਰਣ ਰਿਜਿਜੂ ਨੇ ਕਿਹਾ ਕਿ, ‘ਭਾਰਤ ਵਿਚ ਸਵਦੇਸ਼ੀ ਖੇਡਾਂ ਦੀ ਅਮੀਰ ਵਿਰਾਸਤ ਹੈ ਅਤੇ ਇਹਨਾਂ ਖੇਡਾਂ ਨੂੰ ਸੰਭਾਲਣਾ, ਪ੍ਰਫੁੱਲਤ ਕਰਨਾ ਅਤੇ ਇਸ ਨੂੰ ਹਰਮਨ ਪਿਆਰਾ ਬਣਾਉਣਾ ਖੇਡ ਮੰਤਰਾਲੇ ਦੀ ਤਰਜੀਹ ਹੈ’।
ਉਹਨਾਂ ਕਿਹਾ, ‘ਖੇਲੋ ਇੰਡੀਆ ਗੇਮਜ਼ ਤੋਂ ਵਧੀਆ ਕੋਈ ਪਲੇਟਫਾਰਮ ਨਹੀਂ ਹੈ, ਜਿੱਥੇ ਇਹਨਾਂ ਖੇਡਾਂ ਦੇ ਖਿਡਾਰੀ ਮੁਕਾਬਲਾ ਕਰ ਸਕਣ। ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਯੋਗਾ ਦੇ ਨਾਲ-ਨਾਲ਼ ਖੇਲੋ ਇੰਡੀਆ ਯੂਥ ਗੇਮਜ਼ 2021 ਵਿਚ ਚਾਰ ਸਵਦੇਸ਼ੀ ਖੇਡਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਗੱਤਕਾ ਪੰਜਾਬ ਰਾਜ ਦੀ ਖੇਡ ਹੈ ਤੇ ਇਸ ਰਵਾਇਤੀ ਖੇਡ ਨੂੰ ਸਵੈ-ਰੱਖਿਆ ਦੇ ਨਾਲ-ਨਾਲ ਖੇਡ ਵਜੋਂ ਵੀ ਖੇਡਿਆ ਜਾਂਦਾ ਹੈ। ਇਹ ਮਾਰਸ਼ਲ ਆਰਟ ਖੇਡ ਗੱਤਕੇਬਾਜ਼ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣਾ ਸਿਖਾਉਂਦੀ ਹੈ ਤੇ ਆਤਮ ਵਿਸ਼ਵਾਸ ਪੈਦਾ ਕਰਦੀ ਹੈ।
ਦੱਸ ਦਈਏ ਕਿ ਕਲੱਰੀਪਾਇਤੂ ਇਕ ਭਾਰਤੀ ਮਾਰਸ਼ਲ ਕਲਾ ਹੈ, ਜੋ ਅਧੁਨਿਕ ਕੇਰਲ ਵਿਚ ਸ਼ੁਰੂ ਹੋਈ ਸੀ ਤੇ ਇਹ ਹੁਣ ਪੂਰੇ ਵਿਸ਼ਵ ਵਿਚ ਖੇਡਿਆ ਜਾਂਦਾ ਹੈ।ਸਵਦੇਸ਼ੀ ਖੇਡ਼ ਮਲਖੰਭ ਇਕ ਰਵਾਇਤੀ ਖੇਡ ਹੈ ਜਿਸ ਵਿਚ ਇਕ ਜਿਮਨਾਸਟ ਏਰੀਅਲ ਯੋਗ ਕਰਦਾ ਹੈ। ਇਹ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿਚ ਪ੍ਰਸਿੱਧ ਹੈ। ਥਾਂਗਟਾ ਵੀ ਮਾਰਸ਼ਲ ਆਰਟ ਦਾ ਇਕ ਭਾਰਤੀ ਰੂਪ ਹੈ, ਜੋ ਉੱਤਰ ਪੂਰੀ ਰਾਜ ਮਣੀਪੁਰ ਵਿਚ ਸ਼ੁਰੂ ਹੋਇਆ ਹੈ।