ਪਰਮਿੰਦਰ ਢੀਂਡਸਾ ਵਲੋਂ ਵੱਡੇ ਧਮਾਕੇ ਦੇ ਸੰਕੇਤ : ਸਾਬਕਾ ਮੰਤਰੀ ਤੇ ਵਿਧਾਇਕ ਸੰਪਰਕ 'ਚ ਹੋਣ ਦਾ ਦਾਅਵਾ

ਏਜੰਸੀ

ਖ਼ਬਰਾਂ, ਪੰਜਾਬ

ਵਕਤ ਆਉਣ 'ਤੇ ਸਪਸ਼ਟ ਹੋ ਜਾਵੇਗੀ ਤਸਵੀਰ

file photo

ਸੁਨਾਮ : ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਥ ਅਤੇ ਪੰਜਾਬ ਹਿਤੈਸ਼ੀ ਸੂਬੇ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦਿੱਗਜ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਵਿੱਢੇ ਮਿਸ਼ਨ ਸਿਧਾਂਤ ਨਾਲ ਹਿੱਕ ਠੋਕਵੀ ਹਾਮੀਂ ਭਰ ਰਹੇ ਹਨ।

ਸਥਾਨਕ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸੋਹਣ ਸਿੰਘ ਭੰਗੂ ਦੇ ਘਰ ਪਹੁੰਚੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਤਾਂ, ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਪ੍ਰਪੱਕ ਕਰਨ ਲਈ ਵਿੱਢੇ ਮਿਸ਼ਨ ਸਿਧਾਂਤ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਕਈ ਵੱਡੇ ਆਗੂ ਮਿਸ਼ਨ ਸਿਧਾਂਤ ਦੇ ਮੰਚ ਉਪਰ ਸਾਂਝੇ ਤੌਰ 'ਤੇ ਇਕੱਠੇ  ਦਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਆਗੂਆਂ ਦੇ ਨਾਮ ਸਮੇਂ ਤੋਂ ਪਹਿਲਾਂ ਜਨਤਕ ਕਰਨੇ ਦਰੁਸਤ ਨਹੀਂ ਹਨ, ਵਕਤ ਆਉਣ 'ਤੇ ਸੱਭ ਕੁੱਝ ਸਪਸ਼ਟ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਗ਼ਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉਤਰ ਗਿਆ ਹੈ ਜਿਸ ਨੂੰ ਮੁੜ ਸਿਧਾਂਤਕ ਤੌਰ 'ਤੇ ਮਜ਼ਬੂਤ ਕਰਨ ਲਈ ਪਾਰਟੀ ਅੰਦਰ ਕਈ ਵਾਰ ਚਰਚਾ ਹੋਈ ਲੇਕਿਨ ਕੋਈ ਅਸਰ ਨਾ ਹੋਇਆ। ਨੌਜਵਾਨ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਕਹਿਣ ਦੇ ਬਾਵਜੂਦ ਵੀ ਨੀਤੀਆਂ ਨਹੀਂ ਬਦਲੀਆਂ ਗਈਆਂ ਜਿਸ ਤੋਂ ਮਜਬੂਰ ਹੋ ਕੇ ਸੀਨੀਅਰ ਢੀਂਡਸਾ ਨੂੰ ਅਕਾਲੀ ਦਲ ਨੂੰ ਮੂਲ ਸਿਧਾਂਤਾਂ 'ਤੇ ਲਿਆਉਣ ਲਈ ਇਹ ਕਦਮ ਚੁੱਕਣਾ ਪਿਆ ਹੈ।

ਇਕ ਸਵਾਲ ਦੇ ਜਵਾਬ ਵਿਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਬਕਾ ਲੋਕ ਸਭਾ ਮੈਂਬਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਕਦ ਵਰ ਆਗੂ ਹਨ ਅਤੇ ਪੰਥ ਦੇ ਹਿਤਾਂ ਦੀ ਗੱਲ ਪੂਰੀ ਦ੍ਰਿੜਤਾ ਨਾਲ ਕਰਦੇ ਹਨ ਲੇਕਿਨ ਪਾਰਟੀ ਦੇ ਅੰਦਰ ਸਹਿਜਤਾ ਅਤੇ ਅਸਹਿਜਤਾ ਦਾ ਫ਼ੈਸਲਾ ਪ੍ਰਫ਼ੈਸਰ ਚੰਦੂਮਾਜਰਾ ਖੁਦ ਹੀ ਕਰ ਸਕਦੇ ਹਨ ਉਂਜ ਉਨ੍ਹਾਂ ਕਿਹਾ ਕਿ ਖ਼ੁਸ਼ੀ ਹੋਵੇਗੀ ਜਦੋਂ ਪ੍ਰੋਫ਼ੈਸਰ ਚੰਦੂਮਾਜਰਾ ਵਰਗੇ ਪੰਥਕ ਆਗੂ ਪੰਥ ਦੇ ਵਡੇਰੇ ਹਿੱਤਾਂ ਲਈ ਮਿਸ਼ਨ ਸਿਧਾਂਤ ਵਿਚ ਸ਼ਾਮਲ ਹੋਣਗੇ।

ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲ ਪਰਵਾਰ ਦਾ ਨਾਮ ਲਏ ਬਗੈਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਗ਼ਲਤ ਨੀਤੀਆਂ ਅਤੇ ਫ਼ੈਸਲਿਆਂ ਕਾਰਨ ਹਾਸ਼ੀਏ 'ਤੇ ਆ ਚੁੱਕੀ ਹੈ। ਇਸ ਮੌਕੇ ਸੁਖਵੰਤ ਸਿੰਘ ਸਰਾਓ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਚਮਕੌਰ ਸਿੰਘ ਮੋਰਾਂਵਾਲੀ, ਸੋਹਣ ਸਿੰਘ ਭੰਗੂ, ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਐਡਵੋਕੇਟ ਕ੍ਰਿਸ਼ਨ ਸਿੰਘ ਭੁਟਾਲ, ਦਿਲਾਵਰ ਸਿੰਘ, ਦਰਸ਼ਨ ਸਿੰਘ ਭੰਗੂ, ਸੁਖਦੇਵ ਸਿੰਘ ਅਮਰੂ ਕੋਟੜਾ, ਸਰਬਜੀਤ ਸਿੰਘ ਬਿਸ਼ਨਪੁਰਾ, ਸੁਸ਼ੀਲ ਗੋਇਲ ਅਤੇ ਰਵਿੰਦਰ ਗੋਰਖਾ ਆਦਿ ਹਾਜ਼ਰ ਸਨ।