ਭਾਰਤ ਨੇ ਨਿਊਜੀਲੈਂਡ ਨੂੰ ਵਨਡੇ ਮੈਚ ‘ਚ ਹਰਾ ਕੇ ਸੀਰੀਜ਼ ‘ਤੇ 1-0 ਨਾਲ ਕੀਤਾ ਵਾਧਾ

ਏਜੰਸੀ

ਖ਼ਬਰਾਂ, ਖੇਡਾਂ

ਸ਼ਿਖਰ ਧਵਨ (ਨਾਬਾਦ 75) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ਉਤੇ ਭਾਰਤੀ ਕ੍ਰਿਕੇਟ ਟੀਮ ਨੇ ਮੈਕਲੀਨ ਪਾਰਕ ਮੈਦਾਨ...

India Cricket Team

ਨੇਪੀਅਰ : ਸ਼ਿਖਰ ਧਵਨ (ਨਾਬਾਦ 75) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ਉਤੇ ਭਾਰਤੀ ਕ੍ਰਿਕੇਟ ਟੀਮ ਨੇ ਮੈਕਲੀਨ ਪਾਰਕ ਮੈਦਾਨ ਉਤੇ ਬੁੱਧਵਾਰ ਨੂੰ ਖੇਡੇ ਗਏ ਪਹਿਲੇ ਵਨਡੇ ਮੈਚ ਵਿਚ ਨਿਊਜੀਲੈਂਡ ਨੂੰ ਅੱਠ ਵਿਕੇਟ ਨਾਲ ਹਰਾ ਦਿਤਾ। ਇਸ ਜਿੱਤ ਨਾਲ ਭਾਰਤ ਨੇ ਪੰਜ ਵਨਡੇ ਮੈਚਾਂ ਦੀ ਸੀਰੀਜ਼ ਵਿਚ ਨਿਊਜੀਲੈਂਡ ਦੇ ਵਿਰੁਧ 1-0 ਦੇ ਵਾਧੇ ਨਾਲ ਬੜਤ ਬਣਾ ਲਈ ਹੈ। ਧਵਨ ਦੇ ਨਾਲ ਅੰਬਾਤੀ ਰਾਇਡੂ (13) ਵੀ ਨਾਬਾਦ ਰਹੇ। ਨਿਊਜੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਾਰੇ ਵਿਕੇਟ ਗਵਾ ਕੇ 157 ਦੌੜਾਂ ਦਾ ਸਕੋਰ ਖੜਾ ਕੀਤਾ। ਇਸ ਪਾਰੀ ਵਿਚ ਟੀਮ ਲਈ ਕਪਤਾਨ ਕੈਨ ਵਿਲਿਅਮਸਨ ਨੇ ਸਭ ਤੋਂ ਜਿਆਦਾ 64 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਮੇਜ਼ਬਾਨ ਟੀਮ ਲਈ ਕੋਈ ਵੀ ਹੋਰ ਬੱਲੇਬਾਜ਼ ਖਾਸ ਕਮਾਲ ਨਹੀਂ ਕਰ ਸਕਿਆ। ਭਾਰਤ ਲਈ ਕੁਲਦੀਪ ਯਾਦਵ ਨੇ ਸਭ ਤੋਂ ਜਿਆਦਾ ਚਾਰ ਵਿਕੇਟ ਲਏ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਨੂੰ ਤਿੰਨ ਅਤੇ ਯੁਜਵਿੰਦਰ ਚਹਿਲ ਨੂੰ ਦੋ ਵਿਕੇਟ ਮਿਲੇ। ਕੇਦਾਰ ਜਾਧਵ ਨੂੰ ਇਕ ਸਫ਼ਲਤਾ ਮਿਲੀ। ਇਸ ਮੈਚ ਵਿਚ ਸ਼ਮੀ ਨੇ ਅੰਤਰਰਾਸ਼ਟਰੀ ਵਨਡੇ ਵਿਚ ਸਭ ਤੋਂ ਤੇਜੀ ਨਾਲ 100 ਵਿਕੇਟ ਪੂਰੇ ਕਰਨ ਵਾਲੇ ਪਹਿਲੇ ਭਾਰਤੀ ਹੋਣ ਦੀ ਉਪਲਬਧੀ ਹਾਸਲ ਕੀਤੀ। ਉਨ੍ਹਾਂ ਨੇ ਸਾਬਕਾ ਖਿਡਾਰੀ ਇਰਫਾਨ ਪਠਾਨ ਨੂੰ ਪਿੱਛੇ ਛੱਡ ਦਿਤਾ ਹੈ।

ਸ਼ਮੀ ਨੇ 56ਵੇਂ ਵਨਡੇ ਮੈਚ ਵਿਚ ਵਿਕਟਾਂ ਦਾ ਸੈਕੜਾ ਪੂਰਾ ਕਰਨ ਦਾ ਮਾਣ ਹਾਸਲ ਕੀਤਾ, ਉਥੇ ਪਠਾਨ ਨੂੰ ਇਹ ਮੁਕਾਮ 59ਵੇਂ ਵਨਡੇ ਮੈਚ ਵਿਚ ਹਾਸਲ ਹੋਇਆ ਸੀ। ਅੰਤਰਰਾਸ਼ਟਰੀ ਪੱਧਰ ਉਤੇ ਸ਼ਮੀ ਨੇ ਨਿਊਜੀਲੈਂਡ ਦੇ ਗੇਂਦਬਾਜ਼ ਟਰੈਂਟ ਬੋਲਟ ਦੇ ਰਿਕਾਰਡ ਦਾ ਮੁਕਾਬਲਾ ਕੀਤਾ ਹੈ। ਉਨ੍ਹਾਂ ਨੇ ਵੀ 56 ਮੈਚਾਂ ਵਿਚ 100 ਵਿਕੇਟ ਅਪਣੇ ਨਾਮ ਕੀਤੇ। ਜਦੋਂ ਧਵਨ ਅਤੇ ਕਪਤਾਨ ਵਿਰਾਟ ਕੋਹਲੀ (45) ਮੈਦਾਨ ਉਤੇ ਮੌਜੂਦ ਸਨ। ਹਾਲਾਂਕਿ ਤੇਜ਼ ਰੌਸ਼ਨੀ ਦੇ ਕਾਰਨ ਉਨ੍ਹਾਂ ਨੂੰ ਖੇਡਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ। ਇਸ ਨੂੰ ਦੇਖਦੇ ਹੋਏ ਕੁੱਝ ਸਮੇਂ ਲਈ ਖੇਡ ਨੂੰ ਵਿਚ ਹੀ ਰੋਕ ਦਿਤਾ ਗਿਆ।

ਕਰੀਬ 30 ਮਿੰਟ ਤੱਕ ਖੇਡ ਰੁਕਿਆ ਰਿਹਾ ਅਤੇ ਅਜਿਹੇ ਵਿਚ ਮੈਚ ਨੂੰ 49 ਓਵਰਾਂ ਦਾ ਕਰ ਦਿਤਾ ਗਿਆ ਅਤੇ ਭਾਰਤ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿਤਾ ਗਿਆ। ਧਵਨ ਨੇ ਇਸ ਤੋਂ ਬਾਅਦ ਕੋਹਲੀ ਦੇ ਨਾਲ ਦੂਜੇ ਵਿਕੇਟ ਲਈ 91 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਨੂੰ 132 ਦੇ ਸਕੋਰ ਤੱਕ ਪਹੁੰਚਾਇਆ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਧਵਨ ਨੇ ਰਾਇਡੂ ਦੇ ਨਾਲ 24 ਦੌੜਾਂ ਜੋੜੀਆਂ ਅਤੇ ਟੀਮ ਨੂੰ 156 ਦੇ ਟੀਚੇ ਤੱਕ ਪਹੁੰਚਾ ਕੇ ਦਮ ਲਿਆ।