ਇਆਨ ਚੈਪਲ ਨੇ ਅਪਣੇ ਪੰਜ ਦਹਾਕਿਆਂ ਦੇ ਪੱਤਰਕਾਰੀ ਕਰੀਅਰ ਤੋਂ ਸੰਨਿਆਸ ਲਿਆ
ਆਖਰੀ ਕਾਲਮ ਵਿਚ 81 ਸਾਲ ਦੇ ਚੈਪਲ ਨੇ ਅਪਣੇ ਲਿਖੇ ਕੁੱਝ ਬਿਹਤਰੀਨ ਪਲਾਂ ਨੂੰ ਯਾਦ ਕੀਤਾ
ਨਵੀਂ ਦਿੱਲੀ : ਆਸਟਰੇਲੀਆ ਦੇ ਸਾਬਕਾ ਕਪਤਾਨ ਇਆਨ ਚੈਪਲ ਨੇ ਐਤਵਾਰ ਨੂੰ ਅਪਣਾ ਆਖਰੀ ਕਾਲਮ ਲਿਖ ਕੇ ਪੰਜ ਦਹਾਕਿਆਂ ਤੋਂ ਵੱਧ ਸਮੇਂ ਤਕ ਚੱਲੇ ਪੱਤਰਕਾਰੀ ਕਰੀਅਰ ਨੂੰ ਅਲਵਿਦਾ ਕਹਿ ਦਿਤਾ।
ਈ.ਐਸ.ਪੀ.ਐਨ. ਕ੍ਰਿਕਇੰਫੋ ਲਈ ਅਪਣੇ ਆਖਰੀ ਕਾਲਮ ਵਿਚ 81 ਸਾਲ ਦੇ ਚੈਪਲ ਨੇ ਅਪਣੇ ਲਿਖੇ ਕੁੱਝ ਬਿਹਤਰੀਨ ਪਲਾਂ ਨੂੰ ਯਾਦ ਕੀਤਾ। ਇਨ੍ਹਾਂ ’ਚ 1998 ਦੇ ਚੇਨਈ ਟੈਸਟ ’ਚ ਸਚਿਨ ਤੇਂਦੁਲਕਰ ਅਤੇ ਮਰਹੂਮ ਸ਼ੇਨ ਵਾਰਨ ਵਿਚਕਾਰ ਸ਼ਾਨਦਾਰ ਮੈਚ ਅਤੇ ਕੋਲਕਾਤਾ ’ਚ ਆਸਟਰੇਲੀਆ ਵਿਰੁਧ ਵੀ.ਵੀ.ਐਸ. ਲਕਸ਼ਮਣ ਦੀ 281 ਦੌੜਾਂ ਦੀ ਇਤਿਹਾਸਕ ਪਾਰੀ ਸ਼ਾਮਲ ਹੈ।
ਚੈਪਲ ਨੇ ਲਿਖਿਆ, ‘‘ਲਿਖਦੇ ਸਮੇਂ ਖੁਸ਼ੀ ਦੇ ਕਈ ਪਲ ਆਏ, ਖ਼ਾਸਕਰ ਚੇਨਈ ’ਚ ਸ਼ੇਨ ਵਾਰਨ ਨਾਲ ਸਚਿਨ ਤੇਂਦੁਲਕਰ ਦੀ ਲੜਾਈ। ਇਸ ਤੋਂ ਇਲਾਵਾ ਬ੍ਰਾਇਨ ਲਾਰਾ ਦੀ ਸ਼ਾਨਦਾਰ ਖੇਡ, ਰਿਕੀ ਪੋਂਟਿੰਗ ਦੀ ਹਮਲਾਵਰਤਾ ਅਤੇ ਕੋਲਕਾਤਾ ਵਿਚ ਵੀ.ਵੀ.ਐਸ. ਲਕਸ਼ਮਣ ਦੀ 281 ਦੌੜਾਂ ਦੀ ਕਲਾਤਮਕ ਪਾਰੀ ਸ਼ਾਮਲ ਹੈ।’’
ਚੈਪਲ ਨੇ ਹਾਲਾਂਕਿ ਮਹਿਸੂਸ ਕੀਤਾ ਕਿ ਹੁਣ ਪੈੱਨ ਨੂੰ ਹੇਠਾਂ ਰੱਖਣ ਅਤੇ ਕੰਪਿਊਟਰ ਨੂੰ ਪੈਕ ਕਰਨ ਦਾ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰੀ ਤੋਂ ਸੰਨਿਆਸ ਲੈਣਾ ਕ੍ਰਿਕਟ ਨੂੰ ਅਲਵਿਦਾ ਕਹਿਣ ਜਿੰਨਾ ਹੀ ਭਾਵਨਾਤਮਕ ਹੈ।
ਆਸਟਰੇਲੀਆ ਲਈ 75 ਟੈਸਟ ਮੈਚਾਂ ’ਚ 5345 ਦੌੜਾਂ ਬਣਾਉਣ ਵਾਲੇ ਚੈਪਲ ਨੇ ਕਿਹਾ, ‘‘ਮੈਂ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਲਿਖ ਰਿਹਾ ਹਾਂ ਪਰ ਹੁਣ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ ਅਤੇ ਇਹ ਮੇਰਾ ਆਖਰੀ ਕਾਲਮ ਹੋਵੇਗਾ। ਪੱਤਰਕਾਰੀ ਨੂੰ ਅਲਵਿਦਾ ਕਹਿਣਾ ਕ੍ਰਿਕਟ ਵਾਂਗ ਹੀ ਹੈ, ਪਰ ਮੈਂ ਜਾਣਦਾ ਹਾਂ ਕਿ ਇਹ ਇਸ ਲਈ ਸਹੀ ਸਮਾਂ ਹੈ।’’
ਉਨ੍ਹਾਂ ਕਿਹਾ, ‘‘ਜਦੋਂ ਮੈਂ ਕ੍ਰਿਕਟ ਖੇਡ ਰਿਹਾ ਸੀ ਤਾਂ ਮੈਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਚੀ ਬੇਨੋਡ ਨੂੰ ਪੁਛਿਆ ਕਿ ਕੀ ਸੰਨਿਆਸ ਲੈਣ ਦਾ ਫੈਸਲਾ ਬਹੁਤ ਮੁਸ਼ਕਲ ਸੀ ਤਾਂ ਉਸ ਨੇ ਕਿਹਾ, ‘ਨਹੀਂ, ਇਆਨ, ਇਹ ਫੈਸਲਾ ਲੈਣਾ ਆਸਾਨ ਹੈ। ਤੁਹਾਨੂੰ ਸਹੀ ਸਮੇਂ ’ਤੇ ਪਤਾ ਲੱਗੇਗਾ।’’ ਚੈਪਲ ਨੇ ਕਿਹਾ ਕਿ ਅਮਰੀਕੀ ਖੇਡ ਲੇਖਕ ਵਾਲਟਰ ਵੇਲੇਸਲੀ ਰੈੱਡ ਸਮਿਥ ਦਾ ਉਨ੍ਹਾਂ ਦੇ ਕਾਲਮ ’ਤੇ ਬਹੁਤ ਪ੍ਰਭਾਵ ਸੀ।
ਉਨ੍ਹਾਂ ਕਿਹਾ, ‘‘ਪੁਲਿਟਜ਼ਰ ਜੇਤੂ ਲੇਖਕ ਰੈੱਡ ਸਮਿਥ ਦਾ ਮੇਰੀ ਲਿਖਤ ’ਤੇ ਬਹੁਤ ਪ੍ਰਭਾਵ ਸੀ। ਉਹ ਹਮੇਸ਼ਾ ਸਹੀ ਵਰਣਨਾਤਮਕ ਸ਼ਬਦ ਲਈ ਕੋਸ਼ਿਸ਼ ਕਰ ਰਿਹਾ ਸੀ।’’