ਵਿਸ਼ਵ ਕੱਪ 2019 : ਅੰਪਾਇਰ ਨਾਲ ਬਹਿਸ ਕਰਨਾ ਵਿਰਾਟ ਕੋਹਲੀ ਨੂੰ ਪਿਆ ਮਹਿੰਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ICC ਨੇ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ

Virat Kohli fined for excessive appealing during clash against Afghanistan

ਸਾਊਥੰਪਟਨ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਆਈਸੀਸੀ ਦੇ ਨਿਯਮਾਂ ਦੀ ਉਲੰਘਣ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਆਈਸੀਸੀ ਮੁਤਾਬਕ ਕਿਸੇ ਇੰਟਰਨੈਸ਼ਨਲ ਮੈਚ 'ਚ ਬੇਲੋੜੀ ਅਪੀਲ ਦੇ ਨਿਯਮ ਦੀ ਉਲੰਘਣ ਕਰਨ 'ਤੇ ਕੋਹਲੀ ਉਤੇ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।

ਆਈਸੀਸੀ ਦਾ ਕਹਿਣਾ ਹੈ ਕਿ ਕੋਹਲੀ ਨੂੰ ਦਰਜਾ-1 ਉਲੰਘਣ ਦਾ ਦੋਸ਼ੀ ਪਾਇਆ ਗਿਆ ਹੈ। ਕੋਹਲੀ ਸਨਿਚਰਵਾਰ ਨੂੰ ਅਫ਼ਗ਼ਾਨਿਸਤਾਨ ਵਿਰੁੱਧ ਵਿਸ਼ਵ ਕੱਪ 2019 ਦਾ ਮੈਚ ਖੇਡ ਰਹੇ ਸਨ। ਇਸ ਮੈਚ 'ਚ ਭਾਰਤ ਨੇ 11 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਆਈਸੀਸੀ ਦੇ ਬਿਆਨ ਮੁਤਾਬਕ ਕੋਹਲੀ ਨੇ ਅਫ਼ਗ਼ਾਨ ਪਾਰੀ ਦੇ 29ਵੇਂ ਓਵਰ 'ਚ ਅੰਪਾਇਰ ਅਲੀਮ ਡਾਰ ਕੋਲ ਜਾ ਕੇ ਗੁੱਸੇ ਅਤੇ ਗਲਤ ਤਰੀਕੇ ਨਾਲ ਐਲਬੀਡਬਲਿਊ ਦੀ ਅਪੀਲ ਕੀਤੀ ਸੀ।

ਉਧਰ ਕੋਹਲੀ ਨੇ ਆਪਣੀ ਗ਼ਲਤੀ ਮੰਨ ਲਈ ਹੈ ਅਤੇ ਜੁਰਮਾਨਾ ਵੀ ਸਵੀਕਾਰ ਕਰ ਲਿਆ। ਇਸ ਤੋਂ ਇਲਾਵਾ ਆਈਸੀਸੀ ਨੇ ਇਸ ਘਟਨਾ ਲਈ ਕੋਹਲੀ ਦੇ ਖ਼ਾਤੇ 'ਚ ਇਕ ਡਿਮੈਰਿਟ ਅੰਕ ਜੋੜ ਦਿੱਤਾ ਹੈ। ਸਤੰਬਰ 2016 'ਚ ਰਿਵਾਇਜ਼ਡ ਕੋਡ ਦੇ ਲਾਗੂ ਹੋਣ ਤੋਂ ਬਾਅਦ ਕੋਹਲੀ ਦੀ ਇਹ ਦੂਜੀ ਗ਼ਲਤੀ ਹੈ। ਕੋਹਲੀ ਦੇ ਖ਼ਾਤੇ 'ਚ ਹੁਣ ਦੋ ਡਿਮੈਰਿਟ ਅੰਕ ਹਨ। ਇਕ ਅੰਕ ਉਨ੍ਹਾਂ ਨੂੰ ਜਨਵਰੀ 2018 'ਚ ਦੱਖਣ ਅਫ਼ਰੀਕਾ ਵਿਰੁੱਧ ਟੈਸਟ ਮੈਚ ਦੌਰਾਨ ਮਿਲਿਆ ਸੀ।