Paris Olympics : ਸਪੇਨ, ਅਰਜਨਟੀਨਾ ਦੇ ਫੁੱਟਬਾਲ ਮੈਚਾਂ ਨਾਲ ਪੈਰਿਸ ਓਲੰਪਿਕ ’ਚ ਮੁਕਾਬਲੇ ਸ਼ੁਰੂ 

ਏਜੰਸੀ

ਖ਼ਬਰਾਂ, ਖੇਡਾਂ

ਸਪੇਨ ਨੇ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾਇਆ

Paris Olympics

ਪੈਰਿਸ: ਪੈਰਿਸ ਓਲੰਪਿਕ ਵਿਚ ਬੁੱਧਵਾਰ ਨੂੰ ਅਧਿਕਾਰਤ ਤੌਰ 'ਤੇ ਮੁਕਾਬਲੇ ਸ਼ੁਰੂ ਹੋ ਗਏ ਜਦੋਂ ਸਪੇਨ ਅਤੇ ਅਰਜਨਟੀਨਾ ਕ੍ਰਮਵਾਰ ਪੈਰਿਸ ਅਤੇ ਸੇਂਟ ਏਟੀਨੇ ਵਿਚ ਆਪਣੇ-ਆਪਣੇ ਫੁੱਟਬਾਲ ਮੈਚਾਂ ਲਈ ਮੈਦਾਨ 'ਤੇ ਉਤਰੇ। 

ਸਪੇਨ ਦੀ ਟੀਮ ਪੱਛਮੀ ਪੈਰਿਸ ਦੇ ਪਾਰਕ ਡੇਸ ਪ੍ਰਿੰਸ ਸਟੇਡੀਅਮ 'ਚ ਉਜ਼ਬੇਕਿਸਤਾਨ ਖਿਲਾਫ ਖੇਡਣ ਉਤਰੀ। ਜਦੋਂ ਸਟਾਰ ਖਿਡਾਰੀ ਕਿਲੀਅਨ ਐਮਬਾਪੇ ਪੈਰਿਸ ਸੇਂਟ ਜਰਮੇਨ ਲਈ ਖੇਡਦਾ ਸੀ, ਤਾਂ ਇਹ ਉਸ ਦਾ ਘਰੇਲੂ ਮੈਦਾਨ ਸੀ। 

ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਨੇ ਮੈਚ ਤੋਂ ਪਹਿਲਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਟੂਰਨਾਮੈਂਟ ਦਾ ਪਹਿਲਾ ਗੋਲ ਸਪੇਨ ਦੇ ਸੱਜੇ ਬੈਕ ਮਾਰਕ ਪੁਬਿਲ ਨੇ 29ਵੇਂ ਮਿੰਟ 'ਚ ਕੀਤਾ। ਸਪੇਨ ਨੇ ਇਸ ਮੈਚ ’ਚ ਉਜ਼ਬੇਕਿਸਤਾਨ ਨੂੰ 2-1 ਨਾਲ ਹਰਾਇਆ।

ਮਹਾਨ ਖਿਡਾਰੀ ਲਿਓਨੇਲ ਮੈਸੀ ਤੋਂ ਬਿਨਾਂ ਓਲੰਪਿਕ 'ਚ ਖੇਡ ਰਹੀ ਅਰਜਨਟੀਨਾ ਦੀ ਟੀਮ ਸੇਂਟ ਏਟੀਨੇ ਦੇ ਜਿਓਫਰੀ ਗੁਈਚਾਰਡ ਸਟੇਡੀਅਮ 'ਚ ਮੋਰੱਕੋ ਖਿਲਾਫ ਆਪਣੇ ਪਹਿਲੇ ਮੈਚ 'ਚ ਉਤਰੀ।  ਅਰਜਨਟੀਨਾ ਵੱਲੋਂ ਕੀਤੇ ਗੋਲ ਤੇ ਇੱਕ ਵਿਵਾਦ  ਤੋਂ ਬਾਅਦ ਮੋਰੱਕੋ ਨੇ ਮੈਚ 2-1 ਨਾਲ ਜਿੱਤ ਲਿਆ।