ਪੰਜਵੇਂ ਦਿਨ ਭਾਰਤ ਨੂੰ ਨਹੀਂ ਮਿਲਿਆ ਇਕ ਵੀ 'ਗੋਲਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

18ਵੀਆਂ ਏਸ਼ੀਆਈ ਖੇਡਾਂ ਦਾ ਪੰਜਵਾਂ ਦਿਨ ਭਾਰਤ ਲਈ ਜ਼ਿਆਦਾ ਖ਼ਾਸ ਨਹੀਂ ਰਿਹਾ। ਕੋਈ ਵੀ ਭਾਰਤੀ ਖਿਡਾਰੀ ਸੋਨ ਤਮਗ਼ਾ ਪ੍ਰਾਪਤ ਨਹੀਂ ਕਰ ਸਕਿਆ...........

Shardul Vihan

ਜਕਾਰਤਾ : 18ਵੀਆਂ ਏਸ਼ੀਆਈ ਖੇਡਾਂ ਦਾ ਪੰਜਵਾਂ ਦਿਨ ਭਾਰਤ ਲਈ ਜ਼ਿਆਦਾ ਖ਼ਾਸ ਨਹੀਂ ਰਿਹਾ। ਕੋਈ ਵੀ ਭਾਰਤੀ ਖਿਡਾਰੀ ਸੋਨ ਤਮਗ਼ਾ ਪ੍ਰਾਪਤ ਨਹੀਂ ਕਰ ਸਕਿਆ। ਨੌਜਵਾਨ ਨਿਸ਼ਾਨੇਬਾਜ਼ ਸ਼ਾਰਦੁਲ ਵਿਹਾਨ ਨੇ ਡਬਲ ਟ੍ਰੈਪ 'ਚ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ, ਉਥੇ ਹੀ ਮਹਿਲਾ ਟੈਨਿਸ ਖਿਡਾਰੀ ਅੰਕਿਤਾ ਰੈਨਾ ਅਤੇ ਵੁਸੂ ਖਿਡਾਰੀ ਨਰਿੰਦਰ ਗਰੇਵਾਲ ਨੂੰ ਕਾਂਸੀ ਦਾ ਤਮਗ਼ੇ ਨਾਲ ਸਬਰ ਕਰਨਾ ਪਿਆ।ਕਬੱਡੀ 'ਚ ਇਕ ਵੱਡਾ ਉਲਟਫ਼ੇਰ ਦੇਖਣ ਨੂੰ ਮਿਲਿਆ। ਈਰਾਨ ਨੇ ਭਾਰਤੀ ਪੁਰਸ਼ ਕਬੱਡੀ ਟੀਮ ਦੀ ਬਾਦਸ਼ਾਹਤ ਖ਼ਤਮ ਕਰ ਦਿਤੀ।

ਸੈਮੀਫ਼ਾਈਨਲ ਮੁਕਾਬਲੇ 'ਚ ਭਾਰਤੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਪਹਿਲੀ ਵਾਰ ਕਾਂਸੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ। 28 ਸਾਲਾਂ ਬਾਅਦ ਇਹ ਪਹਿਲਾ ਮੌਕਾ ਹੈ ਕਿ ਕਬੱਡੀ ਦੀ ਟੀਮ ਫ਼ਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ। ਕਬੱਡੀ ਤੋਂ ਇਲਾਵਾ ਭਾਰਤ ਨੂੰ ਦੂਜੀਆਂ ਖੇਡਾਂ 'ਚ ਨਿਰਾਸ਼ਾ ਸਹਿਣੀ ਪਈ। ਕੋਈ ਵੀ ਭਾਰਤੀ ਭਾਰਤੋਲਕ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ। ਮਹਿਲਾ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਅਤੇ ਵਰਸ਼ਾ ਵਰਮਨ ਦੇ ਨਿਸ਼ਾਨੇ ਵੀ ਖਾਲੀ ਗਏ।

ਇਸ ਦੇ ਨਾਲ ਹੀ ਤਮਗ਼ਾ ਲੜੀ 'ਚ ਭਾਰਤ 10ਵੇਂ ਸਥਾਨ 'ਤੇ ਖਿਸਕ ਗਿਆ ਹੈ। ਖ਼ਬਰ ਲਿਖੇ ਜਾਣ ਸਮੇਂ ਤਕ 18ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਦੇ ਕੁਲ ਤਮਗ਼ਿਆਂ ਦੀ ਗਿਣਤੀ 18 ਹੋ ਗਈ ਹੈ, ਜਿਨ੍ਹਾਂ 'ਚ 4 ਸੋਨ ਤਮਗ਼ੇ, 4 ਚਾਂਦੀ ਅਤੇ 10 ਕਾਂਸੀ ਦੇ ਤਮਗ਼ੇ ਹਨ ਅਤੇ ਇਨ੍ਹਾਂ ਦੀ ਬਦੌਲਤ ਭਾਰਤ 10ਵੇਂ ਸਥਾਨ 'ਤੇ ਹੈ।   (ਏਜੰਸੀ)