ਹਸਪਤਾਲ ਤੋਂ ਸਾਹਮਣੇ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਸ਼ੁੱਕਰਵਾਰ ਨੂੰ ਦਿਲ ਦੀ ਬਿਮਾਰੀ ਦੇ ਚਲਦਿਆਂ ਹਸਪਤਾਲ 'ਚ ਦਾਖਲ ਹੋਏ ਸੀ ਕਪਿਲ ਦੇਵ
ਨਵੀਂ ਦਿੱਲੀ: ਭਾਰਤ ਨੂੰ ਪਹਿਲਾ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਦੇ ਫੈਨਜ਼ ਲਈ ਰਾਹਤ ਦੀ ਖ਼ਬਰ ਹੈ। ਕਪਿਲ ਦੇਵ ਦੀ ਐਂਜਿਓਪਲਾਸਟੀ ਸਫਲ ਰਹੀ ਹੈ ਅਤੇ ਉਹ ਹੁਣ ਬਿਲਕੁਲ ਠੀਕ ਹਨ। ਦੱਸ ਦਈਏ ਕਿ ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿਚ ਉਹ ਬਿਲਕੁਲ ਠੀਕ ਨਜ਼ਰ ਆ ਰਹੇ ਹਨ।
ਉਹਨਾਂ ਦੇ ਦੋਸਤ ਅਤੇ ਸਾਬਕਾ ਭਾਰਤੀ ਕ੍ਰਿਕਟਰ ਚੇਤਨ ਸ਼ਰਮਾ ਨੇ ਕਪਿਲ ਦੇਵ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਅਪਣੀ ਬੇਟੀ ਨਾਲ ਬਿਲਕੁਲ ਠੀਕ ਦਿਖਾਈ ਦੇ ਰਹੇ ਹਨ। ਚੇਤਨ ਸ਼ਰਮਾ ਨੇ ਫੋਟੋ ਟਵੀਟ ਕਰਦਿਆਂ ਲਿਖਿਆ, 'ਕਪਿਲ ਭਾਜੀ ਅਪਰੇਸ਼ਨ ਤੋਂ ਬਾਅਦ ਠੀਕ ਹਨ ਅਤੇ ਅਪਣੀ ਬੇਟੀ ਆਮਿਆ ਦੇ ਨਾਲ ਬੈਠੇ ਹਨ।'
ਦੱਸ ਦਈਏ ਕਿ ਬੀਤੇ ਦਿਨ ਛਾਤੀ ਵਿਚ ਦਰਦ ਦੇ ਚਲਦਿਆਂ ਉਹਨਾਂ ਨੂੰ ਦਿੱਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕੀਤਾ ਗਿਆ ਸੀ। ਇਸ ਤੋਂ ਬਾਅਦ ਰਾਤ ਨੂੰ ਹੀ ਉਹਨਾਂ ਦੀ ਐਂਜਿਓਪਲਾਸਟੀ ਕੀਤੀ ਗਈ। ਇਸ ਦੌਰਾਨ ਕਪਿਲ ਦੇਵ ਦੇ ਫੈਨਜ਼ ਨੇ ਉਹਨਾਂ ਲਈ ਕਾਫ਼ੀ ਦੁਆਵਾਂ ਕੀਤੀਆਂ।
ਕਪਿਲ ਦੇਵ ਨੇ ਟਵੀਟ ਕਰਕੇ ਦੁਆਵਾਂ ਦੇਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ। ਉਹਨਾਂ ਨੇ ਟਵੀਟ ਕਰਦਿਆਂ ਕਿਹਾ, 'ਪਿਆਰ ਅਤੇ ਦੁਆਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਡੀਆਂ ਦੁਆਵਾਂ ਦੇ ਚਲਦਿਆਂ ਮੈਂ ਠੀਕ ਹੋ ਰਿਹਾ ਹਾਂ'।