ਭਾਰਤ ਅਤੇ ਆਸਟਰੇਲੀਆ ਵਿਚਕਾਰ ਬਾਰਡਰ ਗਾਵਸਕਰ ਟਰਾਫੀ ਦੇ ਪੰਜ ਟੈਸਟ ਮੈਚ ਖੇਡੇ ਜਾਣਗੇ

ਏਜੰਸੀ

ਖ਼ਬਰਾਂ, ਖੇਡਾਂ

1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਦੇਸ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡਣਗੇ

Representative Image.

ਨਵੀਂ ਦਿੱਲੀ: ਭਾਰਤ ਅਤੇ ਆਸਟਰੇਲੀਆ ਵਿਚਕਾਰ ਬਾਰਡਰ ਗਾਵਸਕਰ ਟਰਾਫੀ ’ਚ ਹੁਣ ਚਾਰ ਦੀ ਬਜਾਏ ਪੰਜ ਟੈਸਟ ਮੈਚ ਖੇਡੇ ਜਾਣਗੇ। ਕ੍ਰਿਕਟ ਆਸਟਰੇਲੀਆ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। 1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਵੇਂ ਦੇਸ਼ ਪੰਜ ਟੈਸਟ ਮੈਚਾਂ ਦੀ ਲੜੀ ਖੇਡਣਗੇ। 

ਬਾਰਡਰ ਗਾਵਸਕਰ ਟਰਾਫੀ ਲਈ ਖੇਡੀ ਜਾਣ ਵਾਲੀ ਇਹ ਸੀਰੀਜ਼ ਆਸਟਰੇਲੀਆ ਦੇ 2024-25 ਦੇ ਪ੍ਰੋਗਰਾਮ ਦਾ ਮੁੱਖ ਕੇਂਦਰ ਹੋਵੇਗੀ। ਇਸ ਦਾ ਪ੍ਰੋਗਰਾਮ ਆਉਣ ਵਾਲੇ ਦਿਨਾਂ ’ਚ ਜਾਰੀ ਕੀਤਾ ਜਾਵੇਗਾ। 

ਕ੍ਰਿਕਟ ਆਸਟਰੇਲੀਆ ਨੇ ‘ਐਕਸ’ ’ਤੇ  ਪੋਸਟ ਕੀਤਾ, ‘‘ਆਸਟਰੇਲੀਆ ਅਤੇ ਭਾਰਤ 1991-92 ਤੋਂ ਬਾਅਦ ਪਹਿਲੀ ਵਾਰ ਇਸ ਗਰਮੀਆਂ ’ਚ ਪੰਜ ਟੈਸਟ ਮੈਚਾਂ ਦੀ ਲੜੀ ਖੇਡਣਗੇ। ਬਾਰਡਰ ਗਾਵਸਕਰ ਟਰਾਫੀ ਲਈ ਸੀਰੀਜ਼ 2024-25 ਦੇ ਘਰੇਲੂ ਪ੍ਰੋਗਰਾਮ ਦਾ ਮੁੱਖ ਕੇਂਦਰ ਹੋਵੇਗੀ।’’

ਭਾਰਤੀ ਕ੍ਰਿਕੇਟ ਬੋਰਡ ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਕਿਹਾ, ‘‘ਬੀ.ਸੀ.ਸੀ.ਆਈ. ਟੈਸਟ ਕ੍ਰਿਕਟ ਦੀ ਅਮੀਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਅਪਣੀ ਵਚਨਬੱਧਤਾ ’ਤੇ  ਕਾਇਮ ਹੈ। ਇਹ ਇਕ ਅਜਿਹਾ ਫਾਰਮੈਟ ਹੈ ਜਿਸ ਦਾ ਅਸੀਂ ਸੱਭ ਤੋਂ ਵੱਧ ਸਤਿਕਾਰ ਕਰਦੇ ਹਾਂ।’’

ਉਨ੍ਹਾਂ ਕਿਹਾ, ‘‘ਬਾਰਡਰ ਗਾਵਸਕਰ ਟਰਾਫੀ ਨੂੰ ਪੰਜ ਟੈਸਟ ਮੈਚਾਂ ਤਕ  ਵਧਾਉਣ ਲਈ ਕ੍ਰਿਕਟ ਆਸਟਰੇਲੀਆ ਨਾਲ ਸਾਡਾ ਸਹਿਯੋਗ ਟੈਸਟ ਕ੍ਰਿਕਟ ਦੇ ਮੁੱਲ ਨੂੰ ਉਤਸ਼ਾਹਤ ਕਰਨ ਲਈ ਸਾਡੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਹੈ।’’

ਇਸ ਸੀਰੀਜ਼ ਦਾ ਪਹਿਲਾ ਟੈਸਟ ਮੈਚ ਪਰਥ ’ਚ ਖੇਡਿਆ ਜਾ ਸਕਦਾ ਹੈ। ਕ੍ਰਿਕਟ ਆਸਟਰੇਲੀਆ ਦੇ ਚੇਅਰਮੈਨ ਮਾਈਕ ਬੇਅਰਡ ਨੇ ਕਿਹਾ ਕਿ ਦੋਹਾਂ  ਦੇਸ਼ਾਂ ਵਿਚਾਲੇ ਤਿੱਖੀ ਮੁਕਾਬਲੇਬਾਜ਼ੀ ਦੇ ਮੱਦੇਨਜ਼ਰ ਸਾਨੂੰ ਖੁਸ਼ੀ ਹੈ ਕਿ ਬਾਰਡਰ ਗਾਵਸਕਰ ਟਰਾਫੀ ਨੂੰ ਹੁਣ ਪੰਜ ਟੈਸਟ ਮੈਚਾਂ ਦਾ ਕਰ ਦਿਤਾ ਗਿਆ ਹੈ।