Football : ਜੇਕਰ ਭਾਰਤ ਨੂੰ ਤੀਜੇ ਗੇੜ ’ਚ ਪਹੁੰਚਾਉਣ ’ਚ ਅਸਫਲ ਰਿਹਾ ਤਾਂ ਅਸਤੀਫਾ ਦੇ ਦੇਵਾਂਗਾ : ਕੋਚ ਸਟਿਮਕ 

ਏਜੰਸੀ

ਖ਼ਬਰਾਂ, ਖੇਡਾਂ

ਪਿਛਲੇ ਕੁੱਝ ਸਮੇਂ ਤੋਂ ਗੋਲ ਨਹੀਂ ਕਰ ਸਕੀ ਹੈ ਛੇਤਰੀ ਦੀ ਅਗਵਾਈ ਵਾਲੀ ਭਾਰਤੀ ਟੀਮ

igor štimac and Sunil Chetri

ਗੁਹਾਟੀ: ਭਾਰਤੀ ਫੁੱਟਬਾਲ ਟੀਮ ਦੇ ਮੁੱਖ ਕੋਚ ਇਗੋਰ ਸਟਿਮਕ ਨੇ ਸੋਮਵਾਰ ਨੂੰ ਕਿਹਾ ਕਿ ਜੇਕਰ ਭਾਰਤੀ ਫੁੱਟਬਾਲ ਟੀਮ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਦੇ ਤੀਜੇ ਗੇੜ ’ਚ ਪਹੁੰਚਣ ’ਚ ਅਸਫਲ ਰਹਿੰਦੀ ਹੈ ਤਾਂ ਉਹ ਅਸਤੀਫਾ ਦੇ ਦੇਣਗੇ। 

ਸਟਿਮਕ ਦੀ ਤਰਜੀਹ ਭਾਰਤ ਨੂੰ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਲਿਜਾਣਾ ਅਤੇ ਏ.ਐਫ.ਸੀ. ਏਸ਼ੀਆਈ ਕੱਪ 2027 ’ਚ ਸਿੱਧਾ ਦਾਖਲਾ ਯਕੀਨੀ ਕਰਨਾ ਹੋਵੇਗਾ। ਸਟਿਮਕ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਵਿਰੁਧ ਭਾਰਤ ਦੇ ਘਰੇਲੂ ਗੇੜ ਦੇ ਮੈਚ ਦੀ ਪੂਰਵ ਸੰਧਿਆ ’ਤੇ ਕਿਹਾ, ‘‘ਜੇਕਰ ਮੈਂ ਭਾਰਤ ਨੂੰ ਤੀਜੇ ਗੇੜ ’ਚ ਲਿਜਾਣ ’ਚ ਅਸਫਲ ਰਿਹਾ ਤਾਂ ਮੈਂ ਅਸਤੀਫਾ ਦੇ ਦੇਵਾਂਗਾ। ਪਿਛਲੇ 5 ਸਾਲਾਂ ’ਚ ਮੈਂ ਜੋ ਕੁੱਝ ਵੀ ਕੀਤਾ ਹੈ, ਉਸ ਦੇ ਸੰਬੰਧ ’ਚ, ਮੈਂ ਇਹ ਅਹੁਦਾ ਕਿਸੇ ਹੋਰ ’ਤੇ ਛੱਡ ਦੇਵਾਂਗਾ।’’

ਭਾਰਤ ਇਸ ਸਮੇਂ ਗਰੁੱਪ ਏ ’ਚ ਤਿੰਨ ਮੈਚਾਂ ’ਚ ਚਾਰ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਉਹ ਕੁਵੈਤ ਤੋਂ ਇਕ ਅੰਕ ਅੱਗੇ ਹੈ, ਜਿਸ ਦੇ ਤਿੰਨ ਮੈਚਾਂ ਵਿਚ ਤਿੰਨ ਅੰਕ ਹਨ। ਭਾਰਤ ਅਜੇ ਵੀ ਤੀਜੇ ਗੇੜ ’ਚ ਜਗ੍ਹਾ ਬਣਾ ਸਕਦਾ ਹੈ ਪਰ ਪਿਛਲੇ ਮੈਚ ’ਚ ਅਫਗਾਨਿਸਤਾਨ ਵਿਰੁਧ ਅੰਕ ਸਾਂਝਾ ਕਰਨ ਤੋਂ ਬਾਅਦ ਉਸ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ। ਸਟਿਮਕ ਨੇ 2019 ’ਚ ਭਾਰਤ ਦੇ ਮੁੱਖ ਕੋਚ ਵਜੋਂ ਅਹੁਦਾ ਸੰਭਾਲਿਆ ਸੀ। ਪਿਛਲੇ ਸਾਲ ਉਸ ਦਾ ਇਕਰਾਰਨਾਮਾ ਜੂਨ 2026 ਤਕ ਵਧਾ ਦਿਤਾ ਗਿਆ ਸੀ। ਉਸ ਨੇ ਕਿਹਾ ਕਿ ਉਹ ਭਾਰਤ ਵਿਰੁਧ ਅਫਗਾਨਿਸਤਾਨ ਦੇ ਚੰਗੇ ਪ੍ਰਦਰਸ਼ਨ ਤੋਂ ਹੈਰਾਨ ਨਹੀਂ ਹੈ ਕਿਉਂਕਿ ਬਹੁਤ ਸਾਰੇ ਖਿਡਾਰੀ ਯੂਰਪ ’ਚ ਖੇਡ ਚੁਕੇ ਹਨ। ਸਟਿਮਕ ਨੇ ਵੱਡੇ ਮੁਕਾਬਲਿਆਂ ਤੋਂ ਪਹਿਲਾਂ ਲੰਮੇ ਸਮੇਂ ਦੇ ਸਿਖਲਾਈ ਕੈਂਪ ਲਗਾਉਣ ਦਾ ਵੀ ਸੱਦਾ ਦਿਤਾ। ਕੋਚ ਦੇ ਤੌਰ ’ਤੇ ਮੇਰੇ ਸਮੇਂ ਦੌਰਾਨ ਸਿਰਫ ਤਿੰਨ ਲੰਮੇ ਸਮੇਂ ਦੇ ਕੈਂਪ ਲਗਾਏ ਗਏ ਸਨ।

ਛੇਤਰੀ ਦੇ 150ਵੇਂ ਮੈਚ ’ਚ ਭਾਰਤ ਦਾ ਟੀਚਾ ਹੋਵੇਗਾ ਗੋਲ ਕਰਨਾ

ਗੁਹਾਟੀ: ਪਿਛਲੇ ਕੁੱਝ ਸਮੇਂ ਤੋਂ ਗੋਲ ਕਰਨ ’ਚ ਅਸਫਲ ਰਹੀ ਭਾਰਤੀ ਫੁੱਟਬਾਲ ਟੀਮ ਮੰਗਲਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਮੈਚ ’ਚ ਅਫਗਾਨਿਸਤਾਨ ਨੂੰ ਹਰਾ ਕੇ ਅਪਣੇ ਕਪਤਾਨ ਸੁਨੀਲ ਛੇਤਰੀ ਦੇ 150ਵੇਂ ਕੌਮਾਂਤਰੀ ਮੈਚ ਨੂੰ ਯਾਦਗਾਰੀ ਬਣਾਉਣਾ ਚਾਹੇਗੀ। ਭਾਰਤੀ ਟੀਮ ਨੇ 22 ਮਾਰਚ ਨੂੰ ਸਾਊਦੀ ਅਰਬ ਦੇ ਆਭਾ ’ਚ ਹੋਏ ਮੈਚ ’ਚ ਅਫਗਾਨਿਸਤਾਨ ਵਿਰੁਧ ਗੋਲ ਰਹਿਤ ਡਰਾਅ ਖੇਡਿਆ ਸੀ। ਇਸ ਤਰ੍ਹਾਂ ਭਾਰਤੀ ਟੀਮ ਦਾ ਪਿਛਲੇ ਕੁੱਝ ਸਮੇਂ ਤੋਂ ਗੋਲ ਕਰਨ ਦਾ ਸੰਘਰਸ਼ ਜਾਰੀ ਰਿਹਾ। 

ਭਾਰਤ ਨੇ ਅਪਣਾ ਆਖਰੀ ਗੋਲ ਨਵੰਬਰ 2023 ’ਚ ਕੁਵੈਤ ਵਿਰੁਧ ਕੀਤਾ ਸੀ। ਇਸ ਪਿਛੋਕੜ ਵਿਚ ਭਾਰਤ ਲਈ ਭਾਰਤ ਦੇ 150ਵੇਂ ਕੌਮਾਂਤਰੀ ਮੈਚ ਵਿਚ ਗੋਲ ਕਰਨਾ ਮਹੱਤਵਪੂਰਨ ਹੋਵੇਗਾ। 

ਛੇਤਰੀ ਨੇ 2005 ’ਚ ਕੌਮਾਂਤਰੀ ਫ਼ੁਟਬਾਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਹੁਣ ਤਕ 149 ਮੈਚਾਂ ’ਚ 93 ਗੋਲ ਕੀਤੇ ਹਨ। ਉਸ ਦੀ ਮੌਜੂਦਗੀ ’ਚ ਭਾਰਤ ਨੇ 11 ਟਰਾਫੀਆਂ ਜਿੱਤੀਆਂ ਹਨ ਅਤੇ ਹੁਣ ਟੀਮ ਨੂੰ ਉਸ ਤੋਂ ਇਕ ਹੋਰ ਗੋਲ ਕਰਨ ਦੀ ਉਮੀਦ ਹੋਵੇਗੀ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਸ ਦੇ ਵਿਸ਼ਵ ਕੱਪ ਕੁਆਲੀਫਿਕੇਸ਼ਨ ਦੇ ਤੀਜੇ ਗੇੜ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਭਾਰਤ ਹੁਣ ਤਕ ਕਦੇ ਵੀ ਤੀਜੇ ਗੇੜ ’ਚ ਜਗ੍ਹਾ ਨਹੀਂ ਬਣਾ ਸਕਿਆ ਹੈ। ਛੇਤਰੀ ਹਮੇਸ਼ਾ ਗੋਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਜੇਕਰ ਭਾਰਤ ਨੂੰ ਤੀਜੇ ਗੇੜ ’ਚ ਪਹੁੰਚਣ ਦੀਆਂ ਅਪਣੀਆਂ ਉਮੀਦਾਂ ਨੂੰ ਜਿਉਂਦਾ ਰਖਣਾ ਹੈ ਤਾਂ ਸਿਰਫ ਉਸ ’ਤੇ ਭਰੋਸਾ ਕਰਨਾ ਸਹੀ ਨਹੀਂ ਹੈ। 

ਭਾਰਤ ਇਸ ਸਮੇਂ ਗਰੁੱਪ ਏ ’ਚ ਤਿੰਨ ਮੈਚਾਂ ’ਚ ਚਾਰ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਉਹ ਕੁਵੈਤ ਤੋਂ ਇਕ ਅੰਕ ਅੱਗੇ ਹੈ, ਜਿਸ ਦੇ ਤਿੰਨ ਮੈਚਾਂ ਵਿਚ ਤਿੰਨ ਅੰਕ ਹਨ। ਭਾਰਤ ਅਜੇ ਵੀ ਤੀਜੇ ਗੇੜ ’ਚ ਜਗ੍ਹਾ ਬਣਾ ਸਕਦਾ ਹੈ ਪਰ ਪਿਛਲੇ ਮੈਚ ’ਚ ਅਫਗਾਨਿਸਤਾਨ ਵਿਰੁਧ ਅੰਕ ਸਾਂਝਾ ਕਰਨ ਤੋਂ ਬਾਅਦ ਉਸ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ। ਇਸ ਟੀਚੇ ਨੂੰ ਹਾਸਲ ਕਰਨ ਲਈ ਭਾਰਤ ਨੂੰ ਅਫਗਾਨਿਸਤਾਨ (ਮੰਗਲਵਾਰ), ਕੁਵੈਤ (6 ਜੂਨ) ਅਤੇ ਕਤਰ (11 ਜੂਨ) ਵਿਰੁਧ ਅਪਣੇ ਅਗਲੇ ਤਿੰਨ ਮੈਚਾਂ ਤੋਂ ਘੱਟੋ-ਘੱਟ ਚਾਰ ਅੰਕ ਹਾਸਲ ਕਰਨੇ ਹੋਣਗੇ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ।