ਝੂਲਨ ਗੋਸਵਾਮੀ ਦੇ ਸੰਨਿਆਸ 'ਤੇ ਬੀਸੀਸੀਆਈ ਦਾ ਬਿਆਨ, ‘ਇਕ ਯੁੱਗ ਦਾ ਅੰਤ ਹੋਇਆ’

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੀਮ ਨੇ ਇਸ ਸੀਰੀਜ਼ 'ਚ ਕਲੀਨ ਸਵੀਪ ਕਰਦੇ ਹੋਏ ਇਸ ਮਹਾਨ ਤੇਜ਼ ਗੇਂਦਬਾਜ਼ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ।

End of an era, BCCI says after Jhulan Goswami's retirement

 

ਨਵੀਂ ਦਿੱਲੀ: ਝੂਲਨ ਗੋਸਵਾਮੀ ਦੇ ਦੋ ਦਹਾਕਿਆਂ ਦੇ ਅੰਤਰਰਾਸ਼ਟਰੀ ਕਰੀਅਰ ਨੂੰ ‘ਯਾਦਗਾਰ’ ਦੱਸਦੇ ਹੋਏ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਦੇ ਦਿੱਗਜ ਖਿਡਾਰੀਆਂ ਵਿਚੋਂ ਇਕ ਦੇ ਸੰਨਿਆਸ ਨਾਲ ਇਕ ਯੁੱਗ ਖਤਮ ਹੋ ਗਿਆ ਹੈ। ਝੂਲਨ (39 ਸਾਲ) ਨੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਭਾਰਤੀ ਟੀਮ ਨੇ ਇਸ ਸੀਰੀਜ਼ 'ਚ ਕਲੀਨ ਸਵੀਪ ਕਰਦੇ ਹੋਏ ਇਸ ਮਹਾਨ ਤੇਜ਼ ਗੇਂਦਬਾਜ਼ ਨੂੰ ਸ਼ਾਨਦਾਰ ਵਿਦਾਇਗੀ ਦਿੱਤੀ।

ਝੂਲਨ ਨੇ 2002 ਵਿਚ ਭਾਰਤ ਲਈ ਡੈਬਿਊ ਕੀਤਾ ਸੀ। ਉਸ ਨੇ ਆਪਣੇ ਕਰੀਅਰ ਵਿਚ 12 ਟੈਸਟ, 204 ਵਨਡੇ ਅਤੇ 68 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਇਹਨਾਂ ਸਾਰਿਆਂ ਵਿਚ ਉਸ ਨੇ 355 ਵਿਕਟਾਂ ਲਈਆਂ। ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, “ਝੂਲਨ ਦੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦੇ ਨਾਲ ਇਕ ਯੁੱਗ ਦਾ ਅੰਤ ਹੋਇਆ। ਉਸ ਨੇ ਬਹੁਤ ਮਾਣ ਨਾਲ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਹਮੇਸ਼ਾ ਆਪਣਾ ਸਰਬੋਤਮ ਪ੍ਰਦਰਸ਼ਨ ਦਿੱਤਾ। ਉਸ ਨੇ ਭਾਰਤੀ ਕ੍ਰਿਕਟ ਦੀ ਬਹੁਤ ਉੱਤਮਤਾ ਨਾਲ ਸੇਵਾ ਕੀਤੀ ਹੈ।”

ਉਹਨਾਂ ਕਿਹਾ, “ਉਸ ਦੀਆਂ ਪ੍ਰਾਪਤੀਆਂ ਮੌਜੂਦਾ ਅਤੇ ਭਵਿੱਖ ਦੇ ਕ੍ਰਿਕਟਰਾਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਖੇਡ ਵਿਚ ਉਹਨਾਂ ਦਾ ਯੋਗਦਾਨ ਯਾਦਗਾਰੀ ਰਿਹਾ”। ਉਹ ਮਹਿਲਾ ਕ੍ਰਿਕਟ 'ਚ 250 ਤੋਂ ਵੱਧ ਵਨਡੇ ਵਿਕਟਾਂ ਲੈਣ ਵਾਲੀ ਇਕਲੌਤੀ ਤੇਜ਼ ਗੇਂਦਬਾਜ਼ ਹੈ। ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ, “ਝੂਲਨ ਗੋਸਵਾਮੀ ਨੇ ਆਪਣੀ ਬੇਮਿਸਾਲ ਗੇਂਦਬਾਜ਼ੀ ਦੇ ਹੁਨਰ ਨਾਲ ਕਈ ਸਾਲਾਂ ਤੱਕ ਭਾਰਤੀ ਗੇਂਦਬਾਜ਼ੀ ਦੀ ਅਗਵਾਈ ਕੀਤੀ ਅਤੇ ਉਸ ਦੀਆਂ ਪ੍ਰਾਪਤੀਆਂ ਦੇਸ਼ ਲਈ ਚੋਟੀ ਦੇ ਪੱਧਰ 'ਤੇ ਖੇਡਣ ਦੀ ਇੱਛਾ ਰੱਖਣ ਵਾਲੇ ਕ੍ਰਿਕਟਰਾਂ ਲਈ ਇਕ ਮਾਪਦੰਡ ਬਣੀਆਂ ਰਹਿਣਗੀਆਂ। ਮੈਂ ਉਸ ਦੀ ਜ਼ਿੰਦਗੀ ਵਿਚ ਉਸ ਦੀ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”