ਭਾਰਤੀ ਗੇਂਦਬਾਜ਼ ਨੇ ਕੋਚ ਨੂੰ ਕੱਢੀਆਂ ਗਾਲਾਂ, ਮੈਚ ਤੋਂ ਪਹਿਲਾਂ ਹੀ ਟੀਮ ‘ਚੋਂ ਕੀਤਾ ਬਾਹਰ!

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਲਈ 13 ਵਨਡੇ ਅਤੇ 9 ਟੀ 20 ਮੈਚ ਖੇਡਣ ਵਾਲੇ ਅਸ਼ੋਕ ਡਿੰਡਾ ਨੂੰ ਬੰਗਾਲ ਦੀ ਰਣਜੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ।

Photo

ਕੋਲਕਾਤਾ: ਭਾਰਤ ਲਈ 13 ਵਨਡੇ ਅਤੇ 9 ਟੀ 20 ਮੈਚ ਖੇਡਣ ਵਾਲੇ ਅਸ਼ੋਕ ਡਿੰਡਾ ਨੂੰ ਬੰਗਾਲ ਦੀ ਰਣਜੀ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਸ਼ੋਕ ਡਿੰਡਾ ‘ਤੇ ਰਣਜੀ ਟਰਾਫੀ ਮੈਚ ਤੋਂ ਪਹਿਲਾਂ ਬੰਗਾਲ ਦੇ ਗੇਂਦਬਾਜ਼ੀ ਕੋਚ ਨਾਲ ਬਦਤਮੀਜ਼ੀ ਕਰਨ ਦਾ ਇਲਜ਼ਾਮ ਲੱਗਿਆ ਹੈ। ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 420 ਵਿਕਟ ਲੈਣ ਵਾਲੇ ਅਸ਼ੋਕ ਡਿੰਡਾ ‘ਤੇ ਇਲਜ਼ਾਮ ਹੈ ਕਿ ਉਹਨਾਂ ਨੇ ਮੰਗਲਵਾਰ ਨੂੰ ਬੰਗਾਲ ਦੇ ਗੇਂਦਬਾਜ਼ੀ ਕੋਚ ਰਣਦੇਬ ਬੋਸ ਨੂੰ ਗਲਤ ਸ਼ਬਦ ਕਹੇ।

ਇਸ ਘਟਨਾ ਤੋਂ ਬਾਅਦ ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਬੈਠਕ ਬੁਲਾਈ, ਜਿਸ ਤੋਂ ਬਾਅਦ ਡਿੰਡਾ ‘ਤੇ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਆਂਧਰਾ ਪ੍ਰਦੇਸ਼ ਦੇ ਖਿਲਾਫ ਹੋਣ ਵਾਲੇ ਮੈਚ ਤੋਂ ਪਹਿਲਾਂ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਡਿੰਡਾ ਨੂੰ ਟੀਮ ਤੋਂ ਬਾਹਰ ਕਰਨ ‘ਤੇ ਬੰਗਾਲ ਕ੍ਰਿਕਟ ਐਸੋਸੀਏਸ਼ਨ ਦੇ ਸੈਕਟਰੀ ਨੇ ਬੈਠਕ ਬੁਲਾਈ ਜਿੱਥੇ ਡਿੰਡਾ ਅਤੇ ਗੇਂਦਬਾਜ਼ੀ ਕੋਚ ਬੋਸ ਨੂੰ ਬੁਲਾਇਆ ਗਿਆ।

ਬੈਠਕ ਵਿਚ ਡਿੰਡਾ ਨੂੰ ਬੋਸ ਕੋਲੋਂ ਮਾਫੀ ਮੰਗਣ ਲਈ ਬੋਲਿਆ ਗਿਆ ਪਰ ਉਸ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ। ਬੰਗਾਲ ਕ੍ਰਿਕਟ ਐਸੋਸੀਏਸ਼ਨ ਨੇ ਕਿਹਾ ਕਿ ਜੇਕਰ ਉਹ ਮਾਫੀ ਮੰਗ ਲੈਂਦੇ ਤਾਂ ਉਹਨਾਂ ਨੂੰ ਟੀਮ ਤੋਂ ਬਾਹਰ ਨਹੀਂ ਕੀਤਾ ਜਾਂਦਾ ਕਿਉਂਕਿ ਆਂਧਰਾ ਪ੍ਰਦੇਸ਼ ਖਿਲਾਫ ਹੋਣ ਵਾਲੇ ਮੈਚ ਲਈ ਅਸ਼ੋਕ ਡਿੰਡਾ ਬੰਗਾਲ ਦੀ ਟੀਮ ਲਈ ਅਹਿਮ ਖਿਡਾਰੀ ਸੀ।

ਰਿਪੋਰਟਾਂ ਮੁਤਾਬਕ ਟੀਮ ਦੇ ਪ੍ਰੈਕਟਿਸ ਸੈਸ਼ਨ ਤੋਂ ਪਹਿਲਾਂ ਰਣਦੇਬ ਬੋਸ ਕੋਲਕਾਤਾ ਦੇ ਕਪਤਾਨ ਨਾਲ ਗੱਲਬਾਤ ਕਰ ਰਹੇ ਸੀ। ਇਸ ਤੋਂ ਬਾਅਦ ਡਿੰਡਾ ਨੇ ਡ੍ਰੈਸਿੰਗ ਰੂਮ ਵਿਚ ਰਣਦੇਬ ਬੋਸ ਨਾਲ ਉੱਚੀ ਅਵਾਜ਼ ਵਿਚ ਗੱਲ ਕੀਤੀ। ਇਸ ਤੋਂ ਬਾਅਦ ਉਸ ਨੂੰ ਕੋਚ ਤੋਂ ਮਾਫੀ ਮੰਗਣ ਲਈ ਕਿਹਾ ਗਿਆ ਪਰ ਉਸ ਨੇ ਸਾਫ ਇਨਕਾਰ ਕਰ ਦਿੱਤਾ।