ਚੰਡੀਗੜ੍ਹ ਦੀ ਕਾਸ਼ਵੀ ਨੇ ਇਕ ਪਾਰੀ ਵਿਚ 10 ਵਿਕਟਾਂ ਲਈਆਂ, ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ

ਏਜੰਸੀ

ਖ਼ਬਰਾਂ, ਖੇਡਾਂ

ਕਾਸ਼ਵੀ ਗੌਤਮ ਨੇ ਵਨਡੇ ਮੈਚ ਵਿੱਚ ਹੈਟ੍ਰਿਕ ਸਮੇਤ ਲਏ 10 ਵਿਕਟ, BCCI ਨੇ ਸ਼ੇਅਰ ਕੀਤੀ ਵੀਡੀਓ

File

ਚੰਡੀਗੜ੍ਹ- 16 ਸਾਲਾ ਦੀ ਕਾਸ਼ਵੀ ਗੌਤਮ ਨੇ ਇਕ ਅਜਿਹਾ ਰਿਕਾਰਡ ਆਪਣੇ ਨਾਮ ਕਰ ਲਿਆ ਜੋ ਅੱਜ ਤੱਕ ਕੋਈ ਮਹਿਲਾ ਕ੍ਰਿਕਟਰ ਨਹੀਂ ਕਰ ਸਕੀ। ਉਸਨੇ ਮਹਿਲਾ ਅੰਡਰ -19 ਵਨਡੇ ਟਰਾਫੀ ਦੇ ਇੱਕ ਮੈਚ ਵਿੱਚ ਅਰੁਣਾਚਲ ਪ੍ਰਦੇਸ਼ ਦੀ ਪਾਰੀ ਦੇ ਸਾਰੇ 10 ਵਿਕਟਾਂ ਹਾਸਿਲ ਕਰ ਲਈਆਂ। 

ਵਨਡੇ ਫਾਰਮੈਟ ਵਿਚ ਅਜਿਹਾ ਕਰਨ ਵਾਲੀ ਉਹ ਇਕਲੌਤੀ ਔਰਤ ਅਤੇ ਦੁਨੀਆ ਦੀ ਦੂਜੀ ਗੇਂਦਬਾਜ਼ ਹੈ। ਹਾਲਾਂਕਿ ਟੈਸਟ ਫਾਰਮੈਟ ਵਿਚ ਅਨਿਲ ਕੁੰਬਲੇ ਅਤੇ ਇੰਗਲੈਂਡ ਦੇ ਜਿੰਮ ਲੈਕਰ ਸਮੇਤ ਕਈ ਗੇਂਦਬਾਜ਼ਾਂ ਨੇ ਅੰਤਰਰਾਸ਼ਟਰੀ-ਰਾਸ਼ਟਰੀ ਪੱਧਰ 'ਤੇ ਅਜਿਹਾ ਕੀਤਾ ਹੈ। 

ਕਾਸ਼ਵੀ ਦੀ ਗੇਂਦਬਾਜ਼ੀ ਦੀ ਬਦੌਲਤ ਚੰਡੀਗੜ੍ਹ ਨੇ ਅਰੁਣਾਚਲ ਪ੍ਰਦੇਸ਼ ਨੂੰ 161 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਚੰਡੀਗੜ੍ਹ ਨੇ 50 ਓਵਰਾਂ ਵਿੱਚ 186 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਅਰੁਣਾਚਲ ਪ੍ਰਦੇਸ਼ ਦੀ ਟੀਮ ਸਿਰਫ 25 ਦੌੜਾਂ 'ਤੇ ਆਲ ਆਊਟ ਹੋ ਗਈ। 

ਕਾਸ਼ਵੀ ਦੀ ਗੇਂਦਬਾਜ਼ੀ ਦੀ ਖਾਸ ਗੱਲ ਇਹ ਹੈ ਕਿ ਉਹ ਇਨ੍ਹਾਂ ਗੇਂਦਾਂ ਨੂੰ ਵਧੀਆ ਢੰਗ ਨਾਲ ਸਵਿੰਗ ਕਰਦੀ ਹੈ। ਇਸੇ ਲਈ ਉਸ ਦੀ ਹਰ ਗੇਂਦ ਵਿਕਟ ਟੂ ਵਿਕਟ ਹੈ। ਇਸ ਕਾਰਨ ਕਰਕੇ ਉਸ ਨੇ 10 ਵਿਕਟਾਂ ਵਿਚ ਤੋਂ 6 ਨੂੰ ਐਲਬੀਡਬਲਯੂ ਕੀਤਾ, ਜਦਕਿ 4 ਨੂੰ ਬੋਲਡ ਕੀਤਾ। ਕਾਸ਼ਵੀ ਨੇ ਆਪਣੇ ਇਸ ਰਿਕਾਰਡ ਸਪੇਲ ਵਿਚ ਇਕ ਹੈਟ੍ਰਿਕ ਵੀ ਲਗਾਈ। 

ਤੀਜੇ ਓਵਰ ਦੀ ਚੌਥੀ ਗੇਂਦ 'ਤੇ ਨਬਮ ਨੂੰ ਆਊਟ ਕੀਤਾ। ਅਗਲੀ ਗੇਂਦ 'ਤੇ ਅਭੀ ਅਤੇ ਫਿਰ ਸੰਸਕ੍ਰਿਤੀ ਸ਼ਰਮਾ ਦੀਆਂ ਵਿਕਟਾਂ ਲਈਆਂ। ਖ਼ਾਸ ਗੱਲ ਇਹ ਹੈ ਕਿ 5 ਓਵਰਾਂ ਦੇ ਸਪੇਲ ਵਿਚ ਉਨ੍ਹਾਂ ਨੂੰ ਹੈਟ੍ਰਿਕ ਦੇ ਕੁੱਲ ਤਿੰਨ ਮੌਕੇ ਮਿਲੇ। ਕਾਸ਼ਵੀ ਨੇ ਚਾਰ ਮਹੀਨਿਆਂ ਵਿੱਚ ਦੂਜੀ ਵਾਰ ਹੈਟ੍ਰਿਕ ਲਈ ਹੈ। ਨਵੰਬਰ 2019 ਵਿੱਚ ਅਰੁਣਾਚਲ ਪ੍ਰਦੇਸ਼ ਖ਼ਿਲਾਫ਼ ਵੂਮਨ ਅੰਡਰ-19 ਟੀ-20 ਮੈਚ ਵਿੱਚ ਇੱਕ ਹੈਟ੍ਰਿਕ ਲਈ ਗਈ ਸੀ।