ਵਿਰਾਟ ਕੋਹਲੀ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕੌਮਾਂਤਰੀ ਕ੍ਰਿਕਟ 'ਚ 20 ਹਜ਼ਾਰ ਦੌੜਾਂ ਬਣਾਈਆਂ

Virat Kohli becomes fastest batsman to score 20000 international runs

ਸਾਊਥੰਪਟਨ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਵੈਸਟਇੰਡੀਜ਼ ਵਿਰੁੱਧ ਵਿਸ਼ਵ ਕੱਪ 2019 ਦੇ ਮੈਚ ਦੌਰਾਨ ਕੌਮਾਂਤਰੀ ਕ੍ਰਿਕਟ 'ਚ 20 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ। ਕੈਰੇਬੀਆਈ ਟੀਮ ਵਿਰੁੱਧ ਮੈਚ 'ਚ 37ਵੀਂ ਦੌੜ ਬਣਾਉਂਦਿਆਂ ਕੋਹਲੀ ਨੇ ਸੱਭ ਤੋਂ ਤੇਜ਼ 20 ਹਜ਼ਾਰ ਕੌਮਾਂਤਰੀ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। 

ਅਫ਼ਗ਼ਾਨਿਸਤਾਨ ਵਿਰੁੱਧ ਪਿਛਲੇ ਮੈਚ 'ਚ ਇਸ ਰਿਕਾਰਡ ਤਕ ਪੁੱਜਣ ਲਈ ਕੋਹਲੀ ਨੂੰ 104 ਦੌੜਾਂ ਦੀ ਲੋੜ ਸੀ ਪਰ ਉਹ ਉਦੋਂ 37 ਦੌੜਾਂ ਬਣਾਉਣ ਤੋਂ ਖੁੰਝ ਗਏ ਸਨ। ਅਜਿਹੇ 'ਚ ਉਨ੍ਹਾਂ ਨੇ ਇਹ ਵੱਡੀ ਪ੍ਰਾਪਤੀ 376 ਮੈਚਾਂ ਦੀ 417ਵੀਂ ਪਾਰੀ (131 ਟੈਸਟ ਅਤੇ 223 ਇਕ ਰੋਜ਼ਾ ਮੈਚ ਅਤੇ 62 ਟੀ20 ਮੈਚ) ਖੇਡਦਿਆਂ ਹਾਸਲ ਕੀਤੀ। 

ਵਿਰਾਟ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਬੱਲੇਬਾਜ਼ ਬ੍ਰਾਇਨ ਲਾਰਾ ਅਤੇ ਸਚਿਨ ਤੇਂਦੁਲਕਰ ਦੇ ਨਾਂ ਦਰਜ ਸੀ। ਦੋਵਾਂ ਬੱਲੇਬਾਜਾਂ ਨੇ 453ਵੀਂ ਪਾਰੀ 'ਚ ਇਹ ਰਿਕਾਰਡ ਬਣਾਇਆ ਸੀ। ਹਾਲਾਂਕਿ ਸਚਿਨ ਦੇ ਮੁਕਾਬਲੇ ਲਾਰਾ ਨੇ ਘੱਟ ਮੈਚ ਖੇਡੇ ਸਨ। ਪਰ ਵਿਰਾਟ ਕੋਹਲੀ ਨੇ ਇਨ੍ਹਾਂ ਦੋਹਾਂ ਖਿਡਾਰੀਆਂ ਨੂੰ 36 ਪਾਰੀ ਦੇ ਅੰਤਰ ਨਾਲ ਪਿੱਛੇ ਛੱਡ ਦਿੱਤਾ ਹੈ। 

ਕੋਹਲੀ ਇਸ ਮੁਕਾਮ 'ਤੇ ਪੁੱਜਣ ਵਾਲੇ ਦੁਨੀਆਂ ਦੇ 12ਵੇਂ ਬੱਲੇਬਾਜ਼ ਅਤੇ ਭਾਰਤੀ ਦੇ ਤੀਜੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਤੋਂ ਵੱਧ ਦੌੜਾਂ ਸਚਿਨ (34,357) ਅਤੇ ਰਾਹੁਲ ਦ੍ਰਾਵਿੜ (24,208) ਨੇ ਬਣਾਈਆਂ ਹਨ।