ਨਵੀਂ ਸੰਸਦ ਵੱਲ ਜਾਂਦੇ ਸਮੇਂ ਪਹਿਲਵਾਨਾਂ ਦੀ ਪੁਲਿਸ ਨਾਲ ਝੜਪ

ਏਜੰਸੀ

ਖ਼ਬਰਾਂ, ਖੇਡਾਂ

ਪਹਿਲਵਾਨ ਸਾਕਸ਼ੀ ਮਲਿਕ ਸਮੇਤ ਕਈਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ 

Wrestler protest

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੇਂ ਸੰਸਦ ਭਵਨ ਦਾ ਰਸਮੀ ਉਦਘਾਟਨ ਕੀਤਾ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਸ਼ਨੀਵਾਰ ਸ਼ਾਮ ਤੋਂ ਸੁਰੱਖਿਆ ਵਧਾ ਦਿਤੀ ਗਈ ਸੀ ਅਤੇ ਨਵੇਂ ਸੰਸਦ ਭਵਨ ਵੱਲ ਮਾਰਚ ਕਰਨ ਦਾ ਐਲਾਨ ਕਰਨ ਵਾਲੇ ਪਹਿਲਵਾਨਾਂ ਦੇ ਮਾਰਚ ਤੋਂ ਪਹਿਲਾਂ ਸਰਹੱਦਾਂ ਨੂੰ ਸੀਲ ਕਰ ਦਿਤਾ ਗਿਆ ਸੀ। 

ਅੱਜ ਪਹਿਲਵਾਨਾਂ ਵਲੋਂ ਨਵੀਂ ਸੰਸਦ ਵੱਲ ਕੂਚ ਕੀਤਾ ਗਿਆ ਤਾਂ ਉਨ੍ਹਾਂ ਦੀ ਪੁਲਿਸ ਨਾ ਝੜਪ ਹੋ ਗਈ। ਇਸ ਦੌਰਾਨ ਪਹਿਲਵਾਨ ਸਾਕਸ਼ੀ ਮਲਿਕ ਸਮੇਤ ਕਈਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਸਾਕਸ਼ੀ ਮਲਿਕ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਵਕ ਮਾਰਚ ਕਰ ਰਹੇ ਸੀ, ਪਰ ਉਨ੍ਹਾਂ ਨੇ ਜ਼ਬਰਦਸਤੀ ਸਾਨੂੰ ਘਸੀਟ ਕੇ ਬੰਦੀ ਬਣਾ ਲਿਆ। 

ਜੰਤਰ-ਮੰਤਰ 'ਤੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਧਰਨਾ ਦੇ ਰਹੇ ਪਹਿਲਵਾਨਾਂ ਨੇ ਐਤਵਾਰ ਨੂੰ ਨਵੀਂ ਸੰਸਦ ਦੇ ਸਾਹਮਣੇ 'ਮਹਿਲਾ ਮਹਾਪੰਚਾਇਤ' ਕਰਨ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨਕਾਰੀ ਪਹਿਲਵਾਨ ਸੱਤ ਮਹਿਲਾ ਪਹਿਲਵਾਨਾਂ 'ਤੇ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਹਾਲਾਂਕਿ, ਇਕ ਅਧਿਕਾਰੀ ਨੇ ਕਿਹਾ ਕਿ ਪਹਿਲਵਾਨਾਂ ਦੁਆਰਾ ਐਲਾਨੀ ਗਈ 'ਮਹਿਲਾ ਮਹਾਂਪੰਚਾਇਤ' ਲਈ ਇਜਾਜ਼ਤ ਨਹੀਂ ਦਿਤੀ ਗਈ ਹੈ। ਪਹਿਲਵਾਨ ਸੰਸਦ ਕੰਪਲੈਕਸ ਤੋਂ ਤਿੰਨ ਕਿਲੋਮੀਟਰ ਦੂਰ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ।

ਨਵੀਂ ਸੰਸਦ ਦੇ ਉਦਘਾਟਨ ਲਈ ਲੁਟੀਅਨਜ਼ ਦਿੱਲੀ ਵਿਚ ਸੁਰੱਖਿਆ ਵਧਾ ਦਿਤੀ ਗਈ ਹੈ। ਨਵੀਂ ਸੰਸਦ ਭਵਨ ਉੱਚ ਸੁਰੱਖਿਆ ਵਾਲੇ ਖੇਤਰ ਵਿਚ ਸਥਿਤ ਹੈ। ਪੁਲਿਸ ਵਲੋਂ ਇਥੇ ਵਾਧੂ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ। ਪੁਲਿਸ ਨੇ ਪਹਿਲਾਂ ਹੀ ਇਕ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਕੇ ਕਿਹਾ ਹੈ ਕਿ ਨਵੀਂ ਦਿੱਲੀ ਜ਼ਿਲ੍ਹੇ ਨੂੰ ਕੰਟੇਨਮੈਂਟ ਜ਼ੋਨ ਮੰਨਿਆ ਜਾਵੇਗਾ ਅਤੇ ਵਾਹਨਾਂ ਦੇ ਦਾਖ਼ਲੇ 'ਤੇ ਪਾਬੰਦੀ ਹੋਵੇਗੀ। 

ਦਿੱਲੀ ਪੁਲਿਸ ਨੇ ਕਿਹਾ ਕਿ ਪੂਰੇ ਨਵੀਂ ਦਿੱਲੀ ਖੇਤਰ ਵਿਚ ਸਿਰਫ਼ ਜਨਤਕ ਟਰਾਂਸਪੋਰਟ, ਸਿਵਲ ਸੇਵਾਵਾਂ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ, ਲੇਬਲ ਵਾਲੇ ਵਾਹਨਾਂ ਅਤੇ ਐਮਰਜੈਂਸੀ ਵਾਹਨਾਂ ਦੀ ਇਜਾਜ਼ਤ ਹੋਵੇਗੀ। ਬਾਕੀ ਜਿਹੜੇ ਲੋਕ ਇਸ ਜ਼ਿਲ੍ਹੇ ਵਿਚ ਨਹੀਂ ਰਹਿੰਦੇ ਹਨ ਅਤੇ ਉਸ ਦਿਨ ਇੱਥੇ ਘੁੰਮਣ-ਫਿਰਨ ਲਈ ਅਪਣੇ ਵਾਹਨਾਂ ਰਾਹੀਂ ਜਾਇਜ਼ ਪਾਸ ਤੋਂ ਬਿਨਾਂ ਆਉਣਗੇ, ਉਨ੍ਹਾਂ ਨੂੰ ਇਲਾਕੇ ਵਿਚ ਦਾਖ਼ਲ ਨਹੀਂ ਹੋਣ ਦਿਤਾ ਜਾਵੇਗਾ। ਸਵੇਰ ਤੋਂ ਸ਼ੁਰੂ ਕੀਤੀ ਗਈ ਇਸ ਪ੍ਰਣਾਲੀ ਨੂੰ ਬਾਅਦ ਦੁਪਹਿਰ 3 ਵਜੇ ਤਕ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।