ਵਿਸ਼ਵ ਕੱਪ ਦੌਰਾਨ 'ਭਗਵਾ ਜਰਸੀ' 'ਚ ਨਜ਼ਰ ਆਏਗੀ ਟੀਮ ਇੰਡੀਆ
ਵਿਸ਼ਵ ਕੱਪ 2019 ਦੌਰਾਨ ਭਾਰਤੀ ਕ੍ਰਿਕੇਟ ਟੀਮ ਇਤਿਹਾਸ ਵਿਚ ਪਹਿਲੀ ਵਾਰ ਭਗਵੇਂ ਰੰਗ ਦੀ ਜਰਸੀ ਵਿਚ ਖੇਡਦੀ ਹੋਈ ਨਜ਼ਰ ਆਏਗੀ।
ਨਵੀਂ ਦਿੱਲੀ : ਵਿਸ਼ਵ ਕੱਪ 2019 ਦੌਰਾਨ ਭਾਰਤੀ ਕ੍ਰਿਕੇਟ ਟੀਮ ਇਤਿਹਾਸ ਵਿਚ ਪਹਿਲੀ ਵਾਰ ਭਗਵੇਂ ਰੰਗ ਦੀ ਜਰਸੀ ਵਿਚ ਖੇਡਦੀ ਹੋਈ ਨਜ਼ਰ ਆਏਗੀ। ਜਿਸ ਦਾ ਕੁੱਝ ਲੋਕਾਂ ਵੱਲੋਂ ਕਾਫ਼ੀ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਵਿਰੋਧ ਦੇ ਬਾਵਜੂਦ ਬੀਸੀਸੀਆਈ ਦੀ ਅਧਿਕਾਰਤ ਕਿਟ ਸਪਾਂਸਰ ਨਾਈਕੀ ਵੱਲੋਂ ਭਗਵੇਂ ਰੰਗ ਦੀ ਨਵੀਂ ਜਰਸੀ ਲਾਂਚ ਕਰ ਦਿੱਤੀ ਗਈ ਹੈ। ਬੀਸੀਸੀਆਈ ਨੇ ਟੀਮ ਇੰਡੀਆ ਦੀ ਨਵੀਂ ਜਰਸੀ ਨੂੰ ਅਪਣੇ ਆਫੀਸ਼ੀਅਲ ਟਵਿੱਟਰ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਨਵੀਂ ਜਰਸੀ ਸਾਹਮਣੇ ਤੋਂ ਗੂੜ੍ਹੇ ਨੀਲੇ ਰੰਗ ਦੀ ਨਜ਼ਰ ਆਵੇਗੀ ਤੇ ਪਿੱਛੇ ਅਤੇ ਬਾਹਵਾਂ ਤੋਂ ਭਗਵੇਂ ਰੰਗ ਵਿਚ ਰੰਗੀ ਨਜ਼ਰ ਆਵੇਗੀ।
ਦਰਅਸਲ, ਇਹ ਨਵੀਂ ਜਰਸੀ ਕੇਵਲ ਇਕ ਮੈਚ ਲਈ ਹੀ ਜਾਰੀ ਕੀਤੀ ਗਈ ਹੈ। ਜਿਸ ਨੂੰ ਭਾਰਤੀ ਟੀਮ 30 ਜੂਨ ਨੂੰ ਕੇਵਲ ਇੰਗਲੈਂਡ ਖ਼ਿਲਾਫ਼ ਖੇਡੇ ਜਾਣ ਵਾਲੇ ਮੈਚ ਦੌਰਾਨ ਹੀ ਪਹਿਨੇਗੀ। ਇਸ ਮੈਚ ਵਿਚ ਮੈਨ ਇਨ ਬਲਿਊ ਟੀਮ ਨਵੀਂ ਲੁੱਕ ਵਿਚ ਨਜ਼ਰ ਆਵੇਗੀ। ਇਸ ਨਵੀਂ ਜਰਸੀ ਨੂੰ ਲੈ ਕੇ ਤਰਕ ਇਹ ਦਿੱਤਾ ਰਿਹੈ ਕਿ ਨਵੀਂ ਜਰਸੀ ਦੀ ਜ਼ਰੂਰਤ ਇਸ ਲਈ ਪਈ ਕਿਉਂਕਿ ਭਾਰਤ ਅਤੇ ਇੰਗਲੈਂਡ ਦੀਆਂ ਜਰਸੀਆਂ ਦਾ ਰੰਗ ਆਪਸ ਵਿਚ ਮੇਲ ਖਾਂਦਾ ਹੈ। ਇਸ ਕਾਰਨ ਦੋਵਾਂ ਟੀਮਾਂ ਵਿਚ ਫ਼ਰਕ ਰੱਖਣ ਲਈ ਜਰਸੀ ਬਦਲੀ ਗਈ ਹੈ।
ਆਈਸੀਸੀ ਦੇ ਨਿਯਮ ਅਨੁਸਾਰ ਮੇਜ਼ਬਾਨ ਟੀਮ ਆਪਣੀ ਜਰਸੀ ਦਾ ਰੰਗ ਬਦਲ ਨਹੀਂ ਸਕਦੀ। ਇਸ ਕਾਰਨ ਟੀਮ ਇੰਡੀਆ ਬਦਲਵੀਂ ਕਿੱਟ ਵਿਚ ਖੇਡੇਗੀ। ਜੇਕਰ ਸੈਮੀਫਾਈਨਲ ਜਾਂ ਫਾਈਨਲ ਵਿਚ ਵੀ ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ ਹੁੰਦਾ ਏ ਤਾਂ ਟੀਮ ਇੰਡੀਆ ਨੂੰ ਇਹ ਨਵੀਂ ਜਰਸੀ ਫਿਰ ਤੋਂ ਪਾਉਣੀ ਪਵੇਗੀ ਪਰ ਭਾਰਤ ਵਿਚ ਇਸ ਭਗਵਾ ਜਰਸੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਮਹਾਰਾਸ਼ਟਰ ਦੇ ਮੁਸਲਿਮ ਵਿਧਾਇਕਾਂ ਨੇ ਟੀਮ ਇੰਡੀਆ ਦੀ ਭਗਵਾ ਜਰਸੀ 'ਤੇ ਇਤਰਾਜ਼ ਜਤਾਇਆ ਹੈ।
ਕਾਂਗਰਸ ਨੇਤਾ ਨਸੀਮ ਖ਼ਾਨ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਭਗਵਾ ਰਾਜਨੀਤੀ ਸ਼ੁਰੂ ਹੋ ਗਈ ਹੈ। ਸਰਕਾਰ ਹਰ ਚੀਜ਼ ਦਾ ਭਗਵਾਕਰਨ ਕਰਨ ਵਿਚ ਜੁਟੀ ਹੋਈ ਹੈ ਸਮਾਜਵਾਦੀ ਪਾਰਟੀ ਦੇ ਨੇਤਾ ਅਬੂ ਆਸਿਮ ਆਜ਼ਮੀ ਨੇ ਵੀ ਇਸ ਦਾ ਵਿਰੋਧ ਕੀਤਾ ਹੈ। ਇਸ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੌਗਤ ਰਾਏ ਨੇ ਵੀ ਭਗਵਾ ਜਰਸੀ 'ਤੇ ਇਤਰਾਜ਼ ਜਤਾਇਆ ਹੈ ਪਰ ਹੁਣ ਤਾਂ ਜਰਸੀ ਦਾ ਰੰਗ ਤੈਅ ਕਰ ਦਿੱਤਾ ਗਿਆ ਹੈ ਅਤੇ ਵਿਸ਼ਵ ਕੱਪ ਵਿਚ ਭਾਰਤ ਅਤੇ ਇੰਗਲੈਂਡ ਦੇ ਵਿਚਕਾਰ ਇਹ ਮੁਕਾਬਲਾ 30 ਜੂਨ ਨੂੰ ਬਰਮਿੰਘਮ ਵਿਖੇ ਹੋਣ ਜਾ ਰਿਹਾ ਹੈ।