T20 World Cup Final : ਖਰਾਬ ਸ਼ੁਰੂਆਤ ਤੋਂ ਬਾਅਦ ਕੋਹਲੀ ਅਤੇ ਅਕਸ਼ਰ ਨੇ ਭਾਰਤ ਨੂੰ ਸੱਤ ਵਿਕਟਾਂ ’ਤੇ 176 ਦੌੜਾਂ ਤਕ ਪਹੁੰਚਾਇਆ
ਵਿਰਾਟ ਕੋਹਲੀ ਨੇ ਜੜਿਆ ਟੂਰਨਾਮੈਂਟ ਦਾ ਪਹਿਲਾ ਅੱਧਾ ਸੈਂਕੜਾ, 59 ਗੇਂਦਾਂ ’ਚ 76 ਦੌੜਾਂ ਬਣਾਈਆਂ
ਬ੍ਰਿਜਟਾਊਨ: ਪਾਵਰਪਲੇਅ ’ਚ ਸ਼ੁਰੂਆਤੀ ਝਟਕਿਆਂ ਤੋਂ ਉਭਰਦੇ ਹੋਏ ਵਿਰਾਟ ਕੋਹਲੀ ਅਤੇ ਅਕਸ਼ਰ ਪਟੇਲ ਨੇ ਦਖਣੀ ਅਫਰੀਕਾ ਵਿਰੁਧ ਟੀ-20 ਵਿਸ਼ਵ ਕੱਪ ਫਾਈਨਲ ’ਚ ਭਾਰਤ ਨੂੰ 7 ਵਿਕਟਾਂ ’ਤੇ 176 ਦੌੜਾਂ ’ਤੇ ਪਹੁੰਚਾਇਆ।
ਭਾਰਤ ਨੇ ਇਕ ਸਮੇਂ ਪੰਜਵੇਂ ਓਵਰ ਵਿਚ ਸਿਰਫ 34 ਦੌੜਾਂ ’ਤੇ ਤਿੰਨ ਵਿਕਟਾਂ ਗੁਆ ਦਿਤੀਆਂ ਸਨ। ਇਸ ਤੋਂ ਬਾਅਦ ਅਕਸ਼ਰ (31 ਗੇਂਦਾਂ ’ਚ 47 ਦੌੜਾਂ) ਅਤੇ ਕੋਹਲੀ (59 ਗੇਂਦਾਂ ’ਚ 76 ਦੌੜਾਂ) ਨੇ ਟੀਮ ਨੂੰ ਸੰਕਟ ’ਚੋਂ ਬਾਹਰ ਕਢਿਆ। ਦੋਹਾਂ ਨੇ ਚੌਥੇ ਵਿਕਟ ਲਈ 54 ਗੇਂਦਾਂ ’ਚ 72 ਦੌੜਾਂ ਦੀ ਸਾਂਝੇਦਾਰੀ ਕੀਤੀ। ਅਕਸ਼ਰ ਬਦਕਿਸਮਤੀ ਨਾਲ ਰਨ ਆਊਟ ਹੋ ਗਏ ਪਰ ਕੋਹਲੀ ਨੇ ਵਿਚਕਾਰਲੇ ਓਵਰਾਂ ’ਚ ਹੌਲੀ ਹੋ ਕੇ 48 ਗੇਂਦਾਂ ’ਚ ਅਪਣਾ ਅੱਧਾ ਸੈਂਕੜਾ ਪੂਰਾ ਕੀਤਾ।
ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਿਛਲੇ ਦੋ ਮੈਚਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਨੂੰ ਦੂਜੇ ਓਵਰ ’ਚ ਕੇਸ਼ਵ ਮਹਾਰਾਜ ਨੇ ਪਵੇਲੀਅਨ ਭੇਜ ਦਿਤਾ। ਸਵੀਪ ਸ਼ਾਟ ਖੇਡਣ ਦੀ ਕੋਸ਼ਿਸ਼ ਵਿਚ, ਉਹ ਸੁਕੇਅਰ ਲੈੱਗ ’ਤੇ ਕੈਚ ਦੇ ਬੈਠੇ। ਉਸ ਤੋਂ ਬਾਅਦ ਆਏ ਰਿਸ਼ਭ ਪੰਤ ਵੀ ਇਸੇ ਤਰ੍ਹਾਂ ਆਊਟ ਹੋਏ।
ਰੋਹਿਤ ਦੀ ਤਰ੍ਹਾਂ ਸ਼ਾਨਦਾਰ ਫਾਰਮ ’ਚ ਚੱਲ ਰਹੇ ਸੂਰਯਕੁਮਾਰ ਯਾਦਵ ਦੇ ਆਊਟ ਹੋਣ ਨਾਲ ਭਾਰਤ ਨੂੰ ਵੀ ਝਟਕਾ ਲੱਗਾ। ਉਨ੍ਹਾਂ ਨੂੰ ਕੈਗਿਸੋ ਰਬਾਡਾ ਨੇ ਫ਼ਾਈਨ ਲੈੱਗ ’ਤੇ ਕੈਚ ਕੀਤਾ। ਭਾਰਤ ਨੇ ਪਾਵਰਪਲੇਅ ਦੇ ਅੰਦਰ ਤਿੰਨ ਵਿਕਟਾਂ ਗੁਆ ਦਿਤੀਆਂ। ਛੇ ਓਵਰਾਂ ਦੇ ਬਾਅਦ ਭਾਰਤ ਦਾ ਸਕੋਰ ਤਿੰਨ ਵਿਕਟਾਂ ’ਤੇ 45 ਦੌੜਾਂ ਸੀ।
ਦੂਜੇ ਸਿਰੇ ਤੋਂ ਵਿਕਟਾਂ ਡਿੱਗਣ ਨੂੰ ਵੇਖ ਰਹੇ ਕੋਹਲੀ ਨੇ ਵਿਚਕਾਰਲੇ ਓਵਰਾਂ ’ਚ ਸਾਵਧਾਨੀ ਨਾਲ ਖੇਡਿਆ। ਹਾਲਾਂਕਿ, ਉਨ੍ਹਾਂ ਨੇ ਪਹਿਲੇ ਓਵਰ ’ਚ ਮਾਰਕੋ ਜੈਨਸਨ ਨੂੰ ਤਿੰਨ ਚੌਕੇ ਮਾਰੇ ਸਨ। ਕੋਹਲੀ ਨੇ ਅਪਣੀ ਪਾਰੀ ਦਾ ਪਹਿਲਾ ਛੱਕਾ 18ਵੇਂ ਓਵਰ ’ਚ ਰਬਾਡਾ ਨੂੰ ਜੜਿਆ।
ਦੂਜੇ ਸਿਰੇ ਤੋਂ ਅਕਸ਼ਰ ਨੇ ਦਖਣੀ ਅਫਰੀਕਾ ਦੇ ਸਪਿਨਰਾਂ ਨੂੰ ਚੰਗੇ ਸਟ੍ਰੋਕ ਦਿੰਦੇ ਹੋਏ ਅਪਣੇ ਟੀ-20 ਕਰੀਅਰ ਦੀ ਸੱਭ ਤੋਂ ਲਾਭਦਾਇਕ ਪਾਰੀ ਖੇਡੀ। ਉਸ ਨੇ ਐਡਨ ਮਾਰਕਰਮ, ਮਹਾਰਾਜ ਅਤੇ ਤਬਰੇਜ਼ ਸ਼ਮਸੀ ਨੂੰ ਛੱਕਾ ਮਾਰਿਆ। ਇਸ ਤੋਂ ਇਲਾਵਾ ਰਬਾਡਾ ਨੂੰ ਵੀ ਛੱਕਾ ਮਾਰਿਆ।
ਭਾਰਤ ਨੇ ਸੱਤਵੇਂ ਅਤੇ 15ਵੇਂ ਓਵਰ ਵਿਚਾਲੇ 72 ਦੌੜਾਂ ਬਣਾਈਆਂ ਅਤੇ ਅਕਸ਼ਰ ਦਾ ਵਿਕਟ ਗੁਆ ਦਿਤਾ। ਕੋਹਲੀ ਰਬਾਡਾ ਦੀ ਉਛਾਲ ਵਾਲੀ ਗੇਂਦ ’ਤੇ ਦੌੜਾਂ ਲੈਣਾ ਚਾਹੁੰਦੇ ਸਨ ਪਰ ਗੇਂਦ ਵਿਕਟਕੀਪਰ ਕੁਇੰਟਨ ਡੀ ਕਾਕ ਕੋਲ ਗਈ ਅਤੇ ਅਕਸ਼ਰ ਦੂਜੇ ਸਿਰੇ ਤੋਂ ਬਹੁਤ ਦੂਰ ਆ ਗਏ ਸਨ। ਡੀ ਕਾਕ ਨੇ ਸਟੰਪ ਉਖਾੜ ’ਚ ਦੇਰ ਨਹੀਂ ਕੀਤੀ। ਸ਼ਿਵਮ ਦੂਬੇ ਨੇ 17 ਗੇਂਦਾਂ ’ਚ 27 ਦੌੜਾਂ ਬਣਾਈਆਂ। ਕੋਹਲੀ ਨੇ ਆਖਰੀ ਪੰਜ ਓਵਰਾਂ ’ਚ ਦੋ ਛੱਕੇ ਲਗਾਏ। ਭਾਰਤ ਨੇ ਆਖ਼ਰੀ ਪੰਜ ਓਵਰਾਂ ’ਚ 58 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਗੁਆ ਦਿਤੀਆਂ।