ਟੀ-20 ਵਿਸ਼ਵ ਕੱਪ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਬਣਨ ਜਾ ਰਿਹਾ ਹੈ : ਖਿਡਾਰੀਆਂ ਦੇ ਸਰਵੇਖਣ ਦੇ ਅੰਕੜੇ
ਟੀ-20 ਵਿਸ਼ਵ ਕੱਪ ਨੂੰ ਵਨਡੇ ਵਿਸ਼ਵ ਕੱਪ ਦੇ ਮੁਕਾਬਲੇ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਦੱਸਣ ਵਾਲੇ ਖਿਡਾਰੀਆਂ ਦੀ ਗਿਣਤੀ ’ਚ ਵਾਧਾ
ਬ੍ਰਿਜਟਾਊਨ (ਬਾਰਬਾਡੋਸ): ਟੀ-20 ਵਿਸ਼ਵ ਕੱਪ ਦੁਨੀਆਂ ਭਰ ਦੇ ਖਿਡਾਰੀਆਂ ਲਈ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਬਣਨ ਜਾ ਰਿਹਾ ਹੈ। ਖਿਡਾਰੀਆਂ ਦੇ ਇਕ ਸਰਵੇਖਣ ’ਚ ਉਨ੍ਹਾਂ ਖਿਡਾਰੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਜਿਨ੍ਹਾਂ ਨੇ ਟੀ-20 ਵਿਸ਼ਵ ਕੱਪ ਨੂੰ ਵਨਡੇ ਵਿਸ਼ਵ ਕੱਪ ਦੇ ਮੁਕਾਬਲੇ ਆਈ.ਸੀ.ਸੀ. ਦਾ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਦਸਿਆ ਹੈ।
‘ਵਰਲਡ ਕ੍ਰਿਕਟਰ ਐਸੋਸੀਏਸ਼ਨ (ਡਬਲਿਊ.ਸੀ.ਏ.)’ ਵਲੋਂ ਕਰਵਾਏ ਗਏ ਸਰਵੇਖਣ ਮੁਤਾਬਕ 85 ਫੀ ਸਦੀ ਖਿਡਾਰੀਆਂ ਨੇ 2019 ’ਚ 50 ਓਵਰਾਂ ਦੇ ਵਿਸ਼ਵ ਕੱਪ ਨੂੰ ਸੱਭ ਤੋਂ ਮਹੱਤਵਪੂਰਨ ਮੰਨਿਆ, ਜਦਕਿ 15 ਫੀ ਸਦੀ ਨੇ ਟੀ-20 ਵਿਸ਼ਵ ਕੱਪ ਨੂੰ ਸੱਭ ਤੋਂ ਮਹੱਤਵਪੂਰਨ ਮੰਨਿਆ। ਹਾਲਾਂਕਿ ਇਸ ਸਾਲ ਉਨ੍ਹਾਂ ਅੰਕੜਿਆਂ ’ਚ ਵੱਡਾ ਬਦਲਾਅ ਆਇਆ ਹੈ ਅਤੇ ਸਿਰਫ 50 ਫੀ ਸਦੀ ਖਿਡਾਰੀਆਂ ਨੇ ਵਨਡੇ ਵਰਲਡ ਕੱਪ ਨੂੰ ਸੱਭ ਤੋਂ ਮਹੱਤਵਪੂਰਨ ਮੰਨਿਆ ਜਦਕਿ ਟੀ-20 ਵਰਲਡ ਕੱਪ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 35 ਫੀ ਸਦੀ ਤਕ ਪਹੁੰਚ ਗਈ।
ਅਮਰੀਕਾ ਅਤੇ ਵੈਸਟਇੰਡੀਜ਼ ਦੀ ਸਹਿ-ਮੇਜ਼ਬਾਨੀ ’ਚ ਚੱਲ ਰਿਹਾ ਟੀ-20 ਵਿਸ਼ਵ ਕੱਪ ਸਨਿਚਰਵਾਰ ਨੂੰ ਬਾਰਬਾਡੋਸ ’ਚ ਭਾਰਤ ਅਤੇ ਦਖਣੀ ਅਫਰੀਕਾ ਵਿਚਾਲੇ ਖਿਤਾਬੀ ਮੁਕਾਬਲੇ ਨਾਲ ਸਮਾਪਤ ਹੋਵੇਗਾ। ‘ਰੀ-ਬ੍ਰਾਂਡਡ’ ਸੰਸਥਾ ਵਲੋਂ ਕਰਵਾਏ ਗਏ ਸਰਵੇਖਣ ਅਨੁਸਾਰ, 26 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਲਈ ਟੀ-20 ਵਿਸ਼ਵ ਕੱਪ ਵਲ ਝੁਕਾਅ ਕਾਫ਼ੀ ਵਧਿਆ ਹੈ। ਸਰਵੇਖਣ ’ਚ ਹਿੱਸਾ ਲੈਣ ਵਾਲੇ ਅਜਿਹੇ 49 ਫੀ ਸਦੀ ਖਿਡਾਰੀਆਂ ਨੇ ਟੀ-20 ਵਿਸ਼ਵ ਕੱਪ ਨੂੰ ਸੱਭ ਤੋਂ ਮਹੱਤਵਪੂਰਨ ਟੂਰਨਾਮੈਂਟ ਮੰਨਿਆ।
ਕੁਲ ਮਿਲਾ ਕੇ ਟੀ-20 ਫਾਰਮੈਟ ਦੀ ਪ੍ਰਸਿੱਧੀ ਤੇਜ਼ੀ ਨਾਲ ਵਧੀ ਹੈ। ਸਾਲ 2019 ’ਚ 82 ਫੀ ਸਦੀ ਖਿਡਾਰੀਆਂ ਨੇ ਟੈਸਟ ਕ੍ਰਿਕਟ ਨੂੰ ਸੱਭ ਤੋਂ ਮਹੱਤਵਪੂਰਨ ਫਾਰਮੈਟ ਦੇ ਤੌਰ ’ਤੇ ਚੁਣਿਆ ਸੀ, ਹੁਣ ਇਹ ਸਿਰਫ 48 ਫੀ ਸਦੀ ਹੈ। ਇਸ ਸਰਵੇਖਣ ’ਚ ਲਗਭਗ 30 ਫੀ ਸਦੀ ਖਿਡਾਰੀਆਂ ਨੇ ਟੀ-20 ਨੂੰ ਸੱਭ ਤੋਂ ਮਹੱਤਵਪੂਰਨ ਫਾਰਮੈਟ ਦੇ ਤੌਰ ’ਤੇ ਚੁਣਿਆ। ਭਾਰਤ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਖਿਡਾਰੀਆਂ ਨੇ ਸਰਵੇਖਣ ਵਿਚ ਹਿੱਸਾ ਨਹੀਂ ਲਿਆ ਕਿਉਂਕਿ ਉਹ ਸੰਘੀ ਨਹੀਂ ਹਨ।
ਸਰਵੇਖਣ ’ਚ ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦਖਣੀ ਅਫਰੀਕਾ, ਬੰਗਲਾਦੇਸ਼ ਅਤੇ ਵੈਸਟਇੰਡੀਜ਼ ਸਮੇਤ ਹੋਰ ਪ੍ਰਮੁੱਖ ਕ੍ਰਿਕਟ ਦੇਸ਼ਾਂ ਦੇ ਖਿਡਾਰੀਆਂ ਤੋਂ ਉਨ੍ਹਾਂ ਦੇ ਵਿਚਾਰ ਪੁੱਛੇ ਗਏ ਸਨ। ਡਬਲਯੂ.ਸੀ.ਏ. ਅਨੁਸਾਰ, ਇਸ ਸਾਲ ਦੇ ਸਰਵੇਖਣ ’ਚ 13 ਦੇਸ਼ਾਂ ਦੇ ਲਗਭਗ 330 ਪੇਸ਼ੇਵਰ ਐਥਲੀਟਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਮੌਜੂਦਾ ਟੀਮ ਦੇ ਮੈਂਬਰ ਹਨ। ਇਸ ਸਰਵੇਖਣ ’ਚ ਮਹਿਲਾ ਖਿਡਾਰੀਆਂ ਨੇ ਵੀ ਵੱਡੀ ਗਿਣਤੀ ’ਚ ਹਿੱਸਾ ਲਿਆ।