ਸੋਮਵਾਰ ਭਾਰਤ ਲਈ ਓਲੰਪਿਕ ਖੇਡਾਂ ’ਚ ਰਿਹਾ ਰਲਵਾਂ-ਮਿਲਵਾਂ ਦਿਨ, ਹਾਕੀ ਟੀਮ ਹਾਰ ਤੋਂ ਮਸਾਂ ਬਚੀ, ਨਿਸ਼ਾਨੇਬਾਜ਼ੀ ’ਚ ਕਿਤੇ ਖੁਸ਼ੀ, ਕਿਤੇ ਗ਼ਮ

ਏਜੰਸੀ

ਖ਼ਬਰਾਂ, ਖੇਡਾਂ

ਤੀਰਅੰਦਾਜ਼ ਫਿਰ ਨਿਸ਼ਾਨੇ ਤੋਂ ਖੁੰਝ ਗਏ

Hockey.

ਸ਼ੇਤਰੂ/ਪੈਰਿਸ: ਭਾਰਤ ਸੋਮਵਾਰ ਨੂੰ ਪੈਰਿਸ ਓਲੰਪਿਕ ’ਚ ਅਪਣਾ ਖਾਤਾ ਖੋਲ੍ਹਣ ਤੋਂ ਬਾਅਦ ਨਿਸ਼ਾਨੇਬਾਜ਼ੀ ’ਚ ਦੂਜਾ ਤਮਗਾ ਜਿੱਤਣ ਤੋਂ ਥੋੜ੍ਹਾ ਜਿਹਾ ਖੁੰਝ ਗਿਆ ਜਦੋਂ ਅਰਜੁਨ ਬਬੂਟਾ ਚੌਥੇ ਸਥਾਨ ’ਤੇ ਰਿਹਾ, ਹਾਲਾਂਕਿ ਮਨੂ ਭਾਕਰ ਅਤੇ ਸਰਬਜੋਤ ਸਿੰਘ ਕਾਂਸੀ ਲਈ ਖੇਡਣਗੇ। ਤੀਰਅੰਦਾਜ਼ੀ ਦੁਬਾਰਾ ਅਸਫਲ ਰਹੀ ਜਦਕਿ ਹਾਕੀ ਟੀਮ ਹਾਰ ਤੋਂ ਬਚ ਗਈ। 

ਸ਼ੂਟਿੰਗ ’ਚ ਬਬੂਤਾ ਦਾ ਟੁੱਟਿਆ ਦਿਲ, ਮਨੂ ਤੇ ਸਰਬਜੋਤ ਕਾਂਸੀ ਦੇ ਨੇੜੇ: ਆਤਮਵਿਸ਼ਵਾਸ ਨਾਲ ਭਰੀ ਮਨੂ ਭਾਕਰ ਨੇ ਦੂਜੇ ਤਮਗੇ ਵਲ ਇਕ ਕਦਮ ਵਧਾਇਆ ਅਤੇ ਸਰਬਜੋਤ ਸਿੰਘ ਨਾਲ ਮਿਲ ਕੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦੇ ਕਾਂਸੀ ਤਮਗਾ ਮੁਕਾਬਲੇ ਲਈ ਵੀ ਕੁਆਲੀਫਾਈ ਕੀਤਾ ਪਰ ਅਰਜੁਨ ਬਬੂਟਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਕਾਂਸੀ ਤਮਗਾ ਜਿੱਤਣ ਤੋਂ ਥੋੜ੍ਹਾ ਜਿਹਾ ਖੁੰਝ ਗਿਆ। 

ਰਮਿਤਾ ਜਿੰਦਲ ਔਰਤਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਸੱਤਵੇਂ ਸਥਾਨ ’ਤੇ ਰਹੀ। 22 ਸਾਲ ਦੀ ਮਨੂ ਨੇ ਐਤਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ ਸੀ। 

ਮਨੂ ਅਤੇ ਸਰਬਜੋਤ ਨੇ ਮਿਕਸਡ ਟੀਮ ਮੁਕਾਬਲੇ ’ਚ 580 ਦਾ ਸਕੋਰ ਬਣਾ ਕੇ ਮੈਡਲ ਰਾਊਂਡ ’ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਦਾ ਮੁਕਾਬਲਾ ਮੰਗਲਵਾਰ ਨੂੰ ਕੋਰੀਆ ਦੇ ਓਹ ਯੀ ਜਿਨ ਅਤੇ ਲੀ ਵੋਨਹੋ ਨਾਲ ਹੋਵੇਗਾ। 10 ਮੀਟਰ ਏਅਰ ਪਿਸਟਲ ਮਿਕਸਡ ਟੀਮ ’ਚ ਭਾਰਤ ਦੇ ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ 576 ਦੇ ਸਕੋਰ ਨਾਲ ਦਸਵੇਂ ਸਥਾਨ ’ਤੇ ਰਹੇ ਅਤੇ ਤਗਮੇ ਦੀ ਦੌੜ ’ਚ ਦਾਖਲ ਨਹੀਂ ਹੋ ਸਕੇ। 

ਅਰਜੁਨ ਬਬੂਟਾ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਮੈਡਲ ਜਿੱਤਣ ਦੇ ਨੇੜੇ ਪਹੁੰਚ ਗਿਆ ਸੀ, ਪਰ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ ’ਚ ਚੌਥੇ ਸਥਾਨ ’ਤੇ ਰਿਹਾ। ਬਬੂਤਾ ਨੇ 208.4 ਦਾ ਸਕੋਰ ਬਣਾਇਆ। ਕ੍ਰੋਏਸ਼ੀਆ ਦੇ ਮੀਰਾਨ ਮੈਰੀਸਿਚ ਦੇ 10.7 ਦੇ ਜਵਾਬ ’ਚ ਉਨ੍ਹਾਂ ਦੇ 9.5 ਦਾ ਸ਼ਾਟ ਭਾਰੀ ਪੈ ਗਿਆ। 

ਹਰਮਨਪ੍ਰੀਤ ਨੇ ਅਰਜਨਟੀਨਾ ਹੱਥੋਂ ਹਾਰ ਨੂੰ ਟਾਲਿਆ: ਆਖ਼ਰੀ ਸੀਟੀ ਵੱਜਣ ਤੋਂ ਇਕ ਮਿੰਟ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਦੇ ਪੈਨਲਟੀ ਕਾਰਨਰ ’ਤੇ ਕੀਤੇ ਗਏ ਗੋਲ ਦੀ ਬਦੌਲਤ ਭਾਰਤ ਨੇ ਪੂਲ ਬੀ ਦੇ ਮੈਚ ’ਚ ਰੀਓ ਓਲੰਪਿਕ ਚੈਂਪੀਅਨ ਅਰਜਨਟੀਨਾ ਵਿਰੁਧ 1-1 ਨਾਲ ਡਰਾਅ ਖੇਡਿਆ।

ਇਹ ਪਹਿਲਾ ਗੋਲ ਭਾਰਤ ਨੂੰ ਇਸ ਮੈਚ ’ਚ ਮਿਲੇ ਦਸਵੇਂ ਪੈਨਲਟੀ ਕਾਰਨਰ ’ਤੇ ਆਇਆ, ਜੋ ਪੂਰੀ ਕਹਾਣੀ ਖ਼ੁਦ ਬਿਆਨ ਕਰਦਾ ਹੈ। ਪਿਛਲੇ ਮੈਚ ’ਚ ਵੀ ਹਰਮਨਪ੍ਰੀਤ ਨੇ 59ਵੇਂ ਮਿੰਟ ’ਚ ਪੈਨਲਟੀ ਸਟ?ਰੋਕ ’ਤੇ ਗੋਲ ਕੀਤਾ ਸੀ ਜਿਸ ਨਾਲ ਭਾਰਤ ਨੇ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ।

ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਭਾਰਤੀ ਟੀਮ ਪੂਰੇ ਮੈਚ ਦੌਰਾਨ ਰੰਗ ’ਚ ਨਜ਼ਰ ਨਹੀਂ ਆਈ। ਅਰਜਨਟੀਨਾ ਨੇ 22ਵੇਂ ਮਿੰਟ ’ਚ ਲੁਕਾਸ ਮਾਰਟੀਨੇਜ਼ ਦੇ ਗੋਲ ਨਾਲ ਲੀਡ ਹਾਸਲ ਕੀਤੀ ਅਤੇ ਭਾਰਤੀ ਟੀਮ ਇਸ ਤੋਂ ਬਾਅਦ ਬਰਾਬਰੀ ਲਈ ਸੰਘਰਸ਼ ਕਰ ਰਹੀ ਸੀ। ਭਾਰਤੀਆਂ ਨੇ ਸਰਕਲ ਦੇ ਅੰਦਰ ਕਈ ਹਮਲੇ ਕੀਤੇ ਪਰ ਅਰਜਨਟੀਨਾ ਦੇ ਗੋਲਕੀਪਰ ਸੈਂਟੀਆਗੋ ਟੌਮਸ ਨੇ ਜ਼ਬਰਦਸਤ ਮੁਸਤੈਦੀ ਨਾਲ ਭਾਰਤ ਦੇ ਹਰ ਹਮਲੇ ਨੂੰ ਨਾਕਾਮ ਕਰ ਦਿਤਾ। 

ਅਜਿਹਾ ਲੱਗ ਰਿਹਾ ਸੀ ਕਿ ਅਰਜਨਟੀਨਾ ਟੋਕੀਓ ਓਲੰਪਿਕ ਦੇ ਪੂਲ ਪੜਾਅ ’ਚ ਭਾਰਤ ਤੋਂ 1-3 ਨਾਲ ਮਿਲੀ ਹਾਰ ਦਾ ਬਦਲਾ ਲੈ ਲਵੇਗਾ ਪਰ ਕਿਸਮਤ ਨੇ ਭਾਰਤ ਦਾ ਸਾਥ ਦਿਤਾ ਅਤੇ 59ਵੇਂ ਮਿੰਟ ਵਿਚ ਇਕ ਮਹੱਤਵਪੂਰਨ ਪੈਨਲਟੀ ਕਾਰਨਰ ਹਾਸਲ ਕੀਤਾ। 

ਬੈਡਮਿੰਟਨ ’ਚ ਪੋਨੱਪਾ-ਕ੍ਰੈਸਟੋ ਦੁਬਾਰਾ ਹਾਰੇ, ਲਕਸ਼ ਜਿੱਤੇ: ਬੈਡਮਿੰਟਨ ’ਚ ਲਕਸ਼ਯ ਸੇਨ ਨੇ ਹੌਲੀ ਸ਼ੁਰੂਆਤ ਤੋਂ ਬਾਹਰ ਨਿਕਲਦੇ ਹੋਏ ਪੁਰਸ਼ ਸਿੰਗਲਜ਼ ਮੁਕਾਬਲੇ ਦੇ ਗਰੁੱਪ ਐਲ ’ਚ ਬੈਲਜੀਅਮ ਦੇ ਜੂਲੀਅਨ ਕੇਰੇਗੇ ਨੂੰ ਸਿੱਧੇ ਗੇਮਾਂ ’ਚ 21-19, 21-14 ਨਾਲ ਹਰਾਇਆ। 

ਲਕਸ਼ਯ ਨੇ ਐਤਵਾਰ ਨੂੰ ਅਪਣੇ ਪਹਿਲੇ ਗਰੁੱਪ ਮੈਚ ਵਿਚ ਕੇਵਿਨ ਕੋਰਡੇਨ ਨੂੰ ਹਰਾਇਆ ਸੀ ਪਰ ਕੋਹਣੀ ਦੀ ਸੱਟ ਕਾਰਨ ਗੁਆਟੇਮਾਲਾ ਦੇ ਇਸ ਖਿਡਾਰੀ ਦੇ ਟੂਰਨਾਮੈਂਟ ਤੋਂ ਹਟਣ ਤੋਂ ਬਾਅਦ ਉਸ ਦੇ ਸਾਰੇ ਨਤੀਜੇ ਹਟਾ ਦਿਤੇ ਗਏ ਸਨ। ਇਸ ਤਰ੍ਹਾਂ ਹੁਣ ਗਰੁੱਪ ਐਲ ਵਿਚ ਸਿਰਫ ਤਿੰਨ ਖਿਡਾਰੀਆਂ ਵਿਚਾਲੇ ਚੁਨੌਤੀ ਹੈ, ਜਦਕਿ ਪਹਿਲਾਂ ਚਾਰ ਖਿਡਾਰੀ ਦਾਅਵਾ ਪੇਸ਼ ਕਰ ਰਹੇ ਸਨ। 

ਵਿਸ਼ਵ ਚੈਂਪੀਅਨਸ਼ਿਪ ਦੇ ਸਾਬਕਾ ਕਾਂਸੀ ਤਮਗਾ ਜੇਤੂ ਲਕਸ਼ਿਆ ਦਾ ਅਗਲਾ ਮੁਕਾਬਲਾ 31 ਜੁਲਾਈ ਨੂੰ ਅਪਣੇ ਆਖਰੀ ਗਰੁੱਪ ਮੈਚ ’ਚ ਦੁਨੀਆਂ ਦੇ ਤੀਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਟਨ ਕ੍ਰਿਸਟੀ ਨਾਲ ਹੋਵੇਗਾ। 

ਦੂਜੇ ਪਾਸੇ ਬੈਡਮਿੰਟਨ ਮਹਿਲਾ ਡਬਲਜ਼ ’ਚ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰੈਸਟੋ ਦੀ ਜੋੜੀ ਜਾਪਾਨ ਦੀ ਨਾਮੀ ਮਾਤਸੂਯਾਮਾ ਅਤੇ ਚਿਹਾਰੂ ਸ਼ਿਦਾ ਤੋਂ ਲਗਾਤਾਰ ਦੂਜੀ ਹਾਰ ਨਾਲ ਬਾਹਰ ਹੋਣ ਵਾਲੀ ਹੈ। ਭਾਰਤੀ ਜੋੜੀ ਨੂੰ 48 ਮਿੰਟ ਤਕ ਚੱਲੇ ਮੈਚ ’ਚ ਦੁਨੀਆਂ ਦੀ ਚੌਥੀ ਨੰਬਰ ਦੀ ਜੋੜੀ ਤੋਂ 21-11, 21-12 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਇਸ ਤੋਂ ਪਹਿਲਾਂ ਭਾਰਤੀ ਜੋੜੀ ਨੂੰ ਗਰੁੱਪ ਸੀ ’ਚ ਦਖਣੀ ਕੋਰੀਆ ਦੀ ਕਿਮ ਸੋ ਯੋਂਗ ਅਤੇ ਕਾਂਗ ਹੀ ਯੋਂਗ ਤੋਂ 18-21, 10-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਤੀਰਅੰਦਾਜ਼ੀ ਦੇ ਟੀਮ ਮੁਕਾਬਲੇ ’ਚ ਭਾਰਤ ਦੀ ਚੁਨੌਤੀ ਖਤਮ: ਮਹਿਲਾਵਾਂ ਤੋਂ ਬਾਅਦ ਤਰੁਣਦੀਪ ਰਾਏ, ਧੀਰਜ ਬੋਮਦੇਵਰਾ, ਪ੍ਰਵੀਨ ਜਾਧਵ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਨੂੰ ਸੋਮਵਾਰ ਨੂੰ ਕੁਆਰਟਰ ਫਾਈਨਲ ’ਚ ਤੁਰਕੀਏ ਤੋਂ 2-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 

ਭਾਰਤੀ ਟੀਮ ਨੇ ਪਹਿਲੇ ਦੋ ਸੈੱਟ ਹਾਰਨ ਤੋਂ ਬਾਅਦ ਤੀਜੇ ਸੈੱਟ ’ਚ ਵਾਪਸੀ ਕੀਤੀ ਪਰ ਤੁਰਕੀ ਤੀਰਅੰਦਾਜ਼ਾਂ ਨੇ ਚੌਥਾ ਸੈਟ ਜਿੱਤ ਕੇ ਸੈਮੀਫਾਈਨਲ ’ਚ ਅਪਣੀ ਥਾਂ ਪੱਕੀ ਕਰ ਲਈ। ਭਾਰਤ ਨੂੰ 53-57, 52-55, 55-54, 54-58 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਜਨ ਕੌਰ, ਅੰਕਿਤਾ ਭਕਤ ਅਤੇ ਦੀਪਿਕਾ ਕੁਮਾਰੀ ਦੀ ਮਹਿਲਾ ਤਿਕੜੀ ਨੂੰ ਨੀਦਰਲੈਂਡ ਨੇ 6-0 ਨਾਲ ਹਰਾਇਆ।