ਭਾਰਤ ਵਿਰੁਧ ਸੀਨੀਅਰ ਖਿਡਾਰੀਆਂ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ : ਫ਼ਿਲੈਂਡਰ
2 ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ
ਵਿਜਯਨਗਰਮ : ਦੱਖਣੀ ਅਫ਼ਰੀਕਾ ਦਾ ਤੇਜ਼ ਗੇਂਦਬਾਜ਼ ਵਰਨੇਨ ਫ਼ਿਲੈਂਡਰ ਚਾਹੁੰਦਾ ਹੈ ਕਿ ਸੀਨੀਅਰ ਖਿਡਾਰੀਆਂ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ 2 ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਟੈਸਟ ਲੜੀ ਵਿਚ ਭਾਰਤ ਦੇ ਮਜ਼ਬੂਤ ਖਿਡਾਰੀਆਂ ਵਿਰੁਧ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।
ਭਾਰਤ ਵਿਰੁਧ ਸ਼ੁਰੂਆਤੀ ਟੈਸਟ ਨਾਲ ਦੱਖਣੀ ਅਫ਼ਰੀਕੀ ਟੀਮ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ ਫ਼ਿਲੈਂਡਰ ਨੇ ਕਿਹਾ ਕਿ ਇਹ ਮੁਸ਼ਕਿਲ ਸ਼ੁਰੂਆਤ ਹੋਵੇਗੀ। ਉਸ ਨੇ ਕਿਹਾ, ''ਭਾਰਤ ਵਿਚ ਖੇਡਣਾ ਹਮੇਸ਼ਾ ਚੰਗਾ ਹੁੰਦਾ ਹੈ ਤੇ ਅਫ਼ਰੀਕੀ ਟੀਮ ਵੀ ਇਸੇ ਤਰ੍ਹਾਂ ਹੀ ਚਾਹੁੰਦੀ ਹੋਵੇਗੀ। ਵੱਡੇ ਧੁਨੰਤਰਾਂ ਨਾਲ ਉਨ੍ਹਾਂ ਦੀ ਧਰਤੀ 'ਤੇ ਭਿੜਨਾ ਸ਼ਾਨਦਾਰ ਹੋਵੇਗਾ। ਅਸੀਂ ਸਾਰੇ ਇਸ ਚੁਨੌਤੀ ਲਈ ਬਿਲਕੁਲ ਤਿਆਰ ਹਾਂ ਤੇ ਇਸ ਵਿਚ ਕਾਫੀ ਚੁਨੌਤੀਆਂ ਖਿਡਾਰੀਆਂ ਦੇ ਸਾਹਮਣੇ ਹੋਣਗੀਆਂ।''
ਹਾਸ਼ਿਮ ਅਮਲਾ ਤੇ ਡੇਲ ਸਟੇਨ ਵਰਗੇ ਤਜਰਬੇਕਾਰ ਕ੍ਰਿਕਟਰਾਂ ਦੇ ਸੰਨਿਆਸ ਲੈਣ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ ਇਹ ਪਹਿਲੀ ਟੈਸਟ ਲੜੀ ਹੋਵੇਗੀ।