ਭਾਰਤ ਨੇ ਚੌਥਾ ਮੈਚ ਹਾਰ ਕੇ ਗਵਾਈ ਟੈਸਟ ਲੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਇੰਗਲੈਂਡ ਦਰਮਿਆਨ ਚੱਲ ਰਹੇ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ 'ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ..............

Match Between India And England

ਸਾਊਥੈਪਟਨ : ਭਾਰਤ ਅਤੇ ਇੰਗਲੈਂਡ ਦਰਮਿਆਨ ਚੱਲ ਰਹੇ ਪੰਜ ਮੈਚਾਂ ਦੀ ਟੈਸਟ ਲੜੀ ਦੇ ਚੌਥੇ ਮੈਚ 'ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਭਾਰਤ ਚਾਰ ਮੈਚਾਂ 'ਚੋਂ ਸਿਰਫ਼ ਇਕ ਜਿੱਤ ਨਾਲ ਇਸ ਲੜੀ ਨੂੰ ਅਪਣੇ ਹੱਥੋਂ ਗਵਾ ਬੈਠਾ ਹੈ। ਪਹਿਲੀ ਪਾਰੀ 'ਚ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 246 ਦੌੜਾਂ ਦਾ ਟੀਚਾ ਦਿਤਾ ਸੀ, ਜਿਸ ਦਾ ਪਿਛਾ ਕਰਦਿਆਂ ਭਾਰਤੀ ਟੀਮ ਨੇ 273 ਦੌੜਾਂ ਬਣਾਈਆਂ। ਉਪਰੰਤ ਦੁਬਾਰਾ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ ਜਵਾਬ 'ਚ 271 ਦੌੜਾਂ ਬਣਾ ਕੇ ਭਾਰਤ ਅੱਗੇ ਜਿੱਤ ਲਈ 245 ਦੌੜਾਂ ਦਾ ਟੀਚਾ ਰਖਿਆ ਸੀ ਪਰ ਭਾਰਤ ਦੀ ਸਾਰੀ ਟੀਮ 184 ਦੌੜਾਂ ਬਣਾ ਕੇ ਹੀ ਆਊਟ ਹੋ ਗਈ।

ਭਾਰਤੀ ਪਾਰੀ ਦੀ ਸ਼ੁਰੂਆਤ ਕਾਫ਼ੀ ਮਾੜੀ ਰਹੀ ਪਰ ਕਪਤਾਨ ਵਿਰਾਟ ਕੋਹਲੀ ਤੇ ਅਜਿੰਕੇ ਰਹਾਣੇ ਦੀ ਹਿੱਸੇਦਾਰੀ ਨੇ ਇਕ ਵਾਰ ਤਾਂ ਟੀਮ ਨੂੰ ਸੰਭਾਲ ਲਿਆ ਪਰ ਵਿਰਾਟ ਕੋਹਲੀ ਦੇ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਭਾਰਤੀ ਟੀਮ ਤਾਸ਼ ਦੇ ਪੱਤਿਆਂ ਵਾਂਗ ਬਿਖਰਦੀ ਗਈ। ਅਜਿੰਕੇ ਰਹਾਣੇ ਨੇ ਟੀਮ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਬੇੜੀ ਬੰਨੇ ਨਾਲ ਲਗਾ ਸਕਿਆ ਅਤੇ ਅਰਧ ਸੈਂਕੜਾ ਬਣਾ ਕੇ ਉਹ ਵੀ ਆਊਟ ਹੋ ਗਿਆ।

ਇਸ ਤੋਂ ਬਾਅਦ ਇਕ ਤੋਂ ਬਾਅਦ ਇਕ ਖਿਡਾਰੀ ਆਉਂਦਾ ਗਿਆ ਅਤੇ ਆਊਟ ਹੋ ਕੇ ਵਾਪਸ ਜਾਂਦਾ ਰਿਹਾ ਪਰ ਕੋਈ ਵੀ ਕਰੀਜ 'ਤੇ ਟਿਕਣ 'ਚ ਅਸਮਰਥ ਰਿਹਾ। ਕੋਹਲੀ ਤੇ ਅਜਿੰਕੇ ਵਲੋਂ ਇਕ ਸਮੇਂ ਤਾਂ ਚੰਗੀ ਸਥਿਤੀ ਬਣਾ ਦਿਤੀ ਗਈ ਸੀ ਪਰ ਟੀਮ ਇਸ ਸਥਿਤੀ ਨੂੰ ਜ਼ਿਆਦਾ ਦੇਰ ਸੰਭਾਲ ਕੇ ਨਾ ਰੱਖ ਸਕੀ ਅਤੇ ਆਖ਼ਰ ਮੈਚ ਦੇ ਨਾਲ-ਨਾਲ ਇਹ ਲੜੀ ਵੀ ਹੱਥੋਂ ਗਵਾ ਲਈ।   (ਏਜੰਸੀ)