ਭਾਰਤ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਨੂੰ ਵੱਡਾ ਝਟਕਾ !

ਏਜੰਸੀ

ਖ਼ਬਰਾਂ, ਖੇਡਾਂ

ਸ਼ਾਕਿਬ ਅਲ ਹਸਨ 'ਤੇ ਲੱਗ ਸਕਦੀ ਹੈ ਪਾਬੰਦੀ

Shakib al Hasan faces ban for not reporting corrupt approach: Report

ਢਾਕਾ : ਭਾਰਤ ਦੇ ਦੌਰੇ ਤੋਂ ਪਹਿਲਾਂ ਬੰਗਲਾਦੇਸ਼ ਕ੍ਰਿਕਟ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਬੰਗਲਾਦੇਸ਼ ਦੇ ਇਕ ਮੁੱਖ ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਸ਼ਾਕਿਬ ਅਲ ਹਸਨ 'ਤੇ ਆਈ.ਸੀ.ਸੀ. 18 ਮਹੀਨੇ ਦੀ ਪਾਬੰਦੀ ਲਗਾ ਸਕਦੀ ਹੈ। ਰਿਪੋਰਟ ਮੁਤਾਬਕ ਸ਼ਾਕਿਬ ਅਲ ਹਸਨ ਨਾਲ ਇਕ ਬੁਕੀ ਨੇ ਮੈਚ ਫਿਕਸਿੰਗ ਲਈ ਸੰਪਰਕ ਕੀਤਾ ਸੀ ਪਰ ਉਸ ਨੇ ਇਸ ਦੀ ਜਾਣਕਾਰੀ ਆਈ.ਸੀ.ਸੀ. ਨੂੰ ਨਹੀਂ ਦਿੱਤੀ।

ਬੰਗਲਾਦੇਸ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਕ ਆਈ.ਸੀ.ਸੀ. ਦੇ ਨਿਰਦੇਸ਼ 'ਤੇ ਸ਼ਾਕਿਬ ਨੂੰ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਵਲੋਂ ਅਭਿਆਸ ਮੈਚ ਤੋਂ ਦੂਰ ਰੱਖਿਆ ਗਿਆ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਨਾ ਤਾਂ ਅਭਿਆਸ 'ਚ ਹਿੱਸਾ ਲਿਆ ਅਤੇ ਨਾ ਹੀ ਗੁਲਾਬੀ ਗੇਂਦ ਨਾਲ ਟੈਸਟ ਮੈਚ ਖੇਡਣ 'ਤੇ ਸੋਮਵਾਰ ਨੂੰ ਹੋਈ ਮੀਟਿੰਗ 'ਚ ਸ਼ਾਮਲ ਹੋਏ। ਬੰਗਲਾਦੇਸ਼ੀ ਟੀਮ ਨੂੰ ਭਾਰਤ ਵਿਰੁਧ 3 ਟੀ20 ਅਤੇ 2 ਟੈਸਟ ਮੈਚ ਖੇਡਣੇ ਹਨ।

ਅਖ਼ਬਾਰ ਦੀ ਰਿਪੋਰਟ ਮੁਤਾਬਕ ਸ਼ਾਕਿਬ ਨੂੰ ਦੋ ਸਾਲ ਪਹਿਲਾਂ ਫਿਕਸਿੰਗ ਦਾ ਆਫ਼ਰ ਮਿਲਿਆ ਸੀ। ਮੈਚ ਤੋਂ ਪਹਿਲਾਂ ਇਕ ਬੁਕੀ ਨੇ ਸ਼ਾਕਿਬ ਅਲ ਹਸਨ ਨਾਲ ਸੰਪਰਕ ਕੀਤਾ ਸੀ। ਪ੍ਰੋਟੋਕਾਲ ਤਹਿਤ ਸ਼ਾਕਿਬ ਨੂੰ ਫਿਕਸਿੰਗ ਦਾ ਆਫ਼ਰ ਮਿਲਦਿਆਂ ਹੀ ਆਈ.ਸੀ.ਸੀ. ਨਾਲ ਸੰਪਰਕ ਕਰਨਾ ਚਾਹੀਦਾ ਸੀ। ਹਾਲਾਂਕਿ ਸ਼ਾਕਿਬ ਨੇ ਅਜਿਹਾ ਨਹੀਂ ਕੀਤਾ।

ਅਖ਼ਬਾਰ ਮੁਤਾਬਕ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸ਼ਾਕਿਬ ਅਲ ਹਸਨ ਨੇ ਇਹ ਗੱਲ ਲੁਕੋਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸ਼ਾਕਿਬ ਨੇ ਹਾਲ ਹੀ 'ਚ ਆਈ.ਸੀ.ਸੀ. ਦੀ ਭ੍ਰਿਸ਼ਟਾਚਾਰ ਰੋਕੂ ਅਤੇ ਸੁਰੱਖਿਆ ਇਕਾਈ ਦੇ ਜਾਂਚ ਅਧਿਕਾਰੀ ਦੇ ਸਾਹਮਣੇ ਇਸ ਘਟਨਾ ਦੀ ਗੱਲ ਕਬੂਲ ਕੀਤੀ ਸੀ। ਰਿਪੋਰਟ ਮੁਤਾਬਕ ਆਈ.ਸੀ.ਸੀ. ਨੂੰ ਸੱਟੇਬਾਜ਼ਾਂ ਦੇ ਕਾਲ ਰਿਕਾਰਡ ਨੂੰ ਟਰੈਕ ਕਰਨ ਤੋਂ ਬਾਅਦ ਮੈਚ ਫਿਕਸਿੰਗ ਬਾਰੇ ਪਤਾ ਲੱਗਿਆ ਸੀ।