ਕਦੇ ਮੁੰਬਈ 'ਚ ਗੋਲਗੱਪੇ ਵੇਚਦਾ ਸੀ ਇਹ ਕ੍ਰਿਕਟਰ

ਏਜੰਸੀ

ਖ਼ਬਰਾਂ, ਪੰਜਾਬ

17 ਸਾਲ ਦੀ ਉਮਰ 'ਚ ਲਗਾਇਆ ਦੋਹਰਾ ਸੈਂਕੜਾ

Vijay Hazare Trophy: 17-year old Yashasvi Jaiswal scores double ton

ਬੰਗਲੁਰੂ : ਕੁਝ ਸਾਲ ਪਹਿਲਾਂ ਮੁੰਬਈ ਦੀਆਂ ਸੜਕਾਂ ਕੰਡੇ ਗੁਮਨਾਮੀ 'ਚ ਜ਼ਿੰਦਗੀ ਬਤੀਤ ਕਰਨ ਵਾਲੇ ਯਸ਼ਸਵੀ ਜਸਵਾਲ ਅੱਜ ਭਾਰਤੀ ਕ੍ਰਿਕਟ 'ਚ ਤੇਜ਼ੀ ਨਾਲ ਆਪਣੀ ਛਾਪ ਛੱਡ ਰਹੇ ਹਨ। ਸਿਰਫ਼ 17 ਸਾਲ ਦੀ ਉਮਰ 'ਚ ਉਹ ਘਰੇਲੂ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ ਸੱਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ।

ਜਸਵਾਲ ਨੇ ਝਾਰਖੰਡ ਵਿਰੁਧ ਵਿਜੇ ਹਜ਼ਾਰੇ ਟਰਾਫ਼ੀ ਦੇ ਗਰੁੱਪ-ਏ ਦੇ ਮੈਚ 'ਚ 203 ਦੌੜਾਂ (154 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ। ਜਸਵਾਲ ਦੇ ਪਿਤਾ ਉੱਤਰ ਪ੍ਰਦੇਸ਼ ਦੇ ਭਦੌਹੀ 'ਚ ਇਕ ਛੋਟੀ ਜਿਹੀ ਦੁਕਾਨ ਚਲਾਉਂਦੇ ਹਨ। ਜਦੋਂ ਉਹ 2012 'ਚ ਕ੍ਰਿਕਟ ਦਾ ਸੁਪਨਾ ਲੈ ਕੇ ਆਪਣੇ ਚਾਚਾ ਕੋਲ ਮੁੰਬਈ ਆਇਆ ਤਾਂ ਉਦੋਂ ਉਹ ਸਿਰਫ਼ 10 ਸਾਲ ਦਾ ਸੀ। ਚਾਚਾ ਕੋਲ ਇੰਨਾ ਵੱਡਾ ਘਰ ਨਹੀਂ ਸੀ ਕਿ ਉਹ ਉਸ ਨੂੰ ਰੱਖ ਸਕੇ। ਉਹ ਇਕ ਡੇਅਰੀ ਦੀ ਦੁਕਾਨ 'ਚ ਰਾਤਾਂ ਬਤੀਤ ਕਰਦਾ ਸੀ। 

ਦੋ ਡੰਗ ਦੀ ਰੋਟੀ ਲਈ ਜਸਵਾਲ ਨੇ ਫੂਡ ਵੈਂਡਰ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਜ਼ਾਦ ਮੈਦਾਨ 'ਚ ਰਾਤ ਨੂੰ ਗੋਲਗੱਪੇ ਵੇਚਦਾ ਸੀ। ਉਸ ਨੂੰ ਅਜਿਹੇ ਵੀ ਦਿਨ ਵੇਖਣ ਪਏ, ਜਦੋਂ ਖਾਲੀ ਢਿੱਡ ਸੌਣਾ ਪਿਆ। ਉਹ ਪੈਸੇ ਕਮਾਉਣ ਲਈ ਹਮੇਸ਼ਾ ਮਿਹਨਤ ਕਰਦਾ ਰਹਿੰਦਾ ਸੀ। ਉਹ ਆਪਣੇ ਤੋਂ ਵੱਡੇ ਲੜਕਿਆਂ ਨਾਲ ਕ੍ਰਿਕਟ ਖੇਡਣ ਜਾਂਦਾ ਸੀ ਅਤੇ ਕਈ ਸਾਰੇ ਮੈਚ ਜਿੱਤ ਕੇ ਹਫ਼ਤੇ ਦੇ 200-300 ਰੁਪਏ ਬਣਾ ਲੈਂਦਾ ਸੀ।

ਵਿਜੇ ਹਜ਼ਾਰੇ ਟਰਾਫ਼ੀ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਯਸ਼ਸਵੀ ਜਸਵਾਲ ਤੀਜੇ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਇਸੇ ਸੀਜਨ 'ਚ ਵਿਕਟਕੀਪਰ ਬੱਲੇਬਾਜ਼ੀ ਸੰਜੂ ਸੈਮਸਨ ਨੇ ਕੇਰਲਾ ਲਈ ਖੇਡਦਿਆਂ ਗੋਵਾ ਵਿਰੁਧ ਅਜੇਤੂ 212 ਦੌੜਾਂ ਬਣਾਈਆਂ ਸਨ। ਉਹ ਵਿਜੇ ਹਜ਼ਾਰੇ ਟੂਰਨਾਮੈਂਟ ਦੇ ਇਕ ਮੈਚ 'ਚ ਸੱਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਵਿਜੇ ਹਜ਼ਾਰੇ ਟਰਾਫ਼ੀ 'ਚ ਪਹਿਲਾ ਦੋਹਰਾ ਸੈਂਕੜਾ ਸਾਲ 2008 'ਚ ਉੱਤਰਾਖੰਡ ਦੇ ਸਲਾਮੀ ਬੱਲੇਬਾਜ਼ ਕਰਨਵੀਰ ਕੌਸ਼ਲ (202 ਦੌੜਾਂ) ਨੇ ਲਗਾਇਆ ਸੀ।