Bishan Singh Bedi Remembered in World Cup match: ਬੇਦੀ ਦੀ ਯਾਦ ’ਚ ਭਾਰਤੀ ਟੀਮ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ

ਏਜੰਸੀ

ਖ਼ਬਰਾਂ, ਖੇਡਾਂ

23 ਅਕਤੂਬਰ ਨੂੰ ਹੋ ਗਈ ਸੀ ਭਾਰਤ ਦੇ ਮਹਾਨ ਸਪਿੱਨ ਗੇਂਦਬਾਜ਼ ਬਿਸ਼ਨ ਸਿੰਘ ਬੇਦੀ ਦੀ ਮੌਤ

Virat Kohli during Match.

Bishan Singh Bedi Remembered in World Cup match: ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੀ ਯਾਦ ਵਿਚ ਭਾਰਤੀ ਕ੍ਰਿਕਟ ਟੀਮ ਨੇ ਐਤਵਾਰ ਨੂੰ ਇੱਥੇ ਇੰਗਲੈਂਡ ਵਿਰੁਧ ਵਿਸ਼ਵ ਕੱਪ ਦਾ ਮੈਚ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡਿਆ। ਬੇਦੀ ਦੀ 23 ਅਕਤੂਬਰ ਨੂੰ ਮੌਤ ਹੋ ਗਈ ਸੀ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਇੱਥੇ ਵਿਸ਼ਵ ਕੱਪ ਮੈਚ ਸ਼ੁਰੂ ਹੋਣ ਤੋਂ ਤੁਰਤ ਬਾਅਦ ਇਕ ਬਿਆਨ ’ਚ ਕਿਹਾ, ‘‘ਮਹਾਨ ਖਿਡਾਰੀ ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਟੀਮ ਇੰਡੀਆ ਅੱਜ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇਗੀ।’’

ਅਪਣੀ ਪਤਨੀ ਅੰਜੂ ਤੋਂ ਇਲਾਵਾ, ਬੇਦੀ ਦੇ ਪਿੱਛੇ ਬੇਟੀ ਨੇਹਾ ਅਤੇ ਪੁੱਤਰ ਅੰਗਦ ਅਤੇ ਗਵਾਸ ਇੰਦਰ ਸਿੰਘ ਹਨ। ਉਨ੍ਹਾਂ ਦੀ ਪਹਿਲੀ ਪਤਨੀ ਗਲੇਨਥ ਮਾਈਲਸ ਤੋਂ ਉਨ੍ਹਾਂ ਦੀ ਇਕ ਧੀ ਗਿਲਿੰਦਰ ਵੀ ਹੈ। ਸਾਬਕਾ ਕ੍ਰਿਕਟਰ ਦੋ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ ਬਿਮਾਰ ਸੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਗੋਡੇ ਦੀ ਸਰਜਰੀ ਸਮੇਤ ਕਈ ਸਰਜਰੀਆਂ ਕਰਵਾਉਣੀਆਂ ਪਈਆਂ।

ਬੇਦੀ 77 ਸਾਲ ਦੇ ਸਨ। ਉਨ੍ਹਾਂ ਨੇ 1976-78 ਤਕ 22 ਟੈਸਟਾਂ ’ਚ ਭਾਰਤੀ ਟੀਮ ਦੀ ਅਗਵਾਈ ਕੀਤੀ। ਉਨ੍ਹਾਂ ਨੇ 1967 ਤੋਂ 1979 ਦਰਮਿਆਨ ਕੁਲ 67 ਟੈਸਟ ਅਤੇ 10 ਵਨਡੇ ਮੈਚਾਂ ’ਚ ਦੇਸ਼ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਇਸ ਸਮੇਂ ਦੌਰਾਨ ਚਾਰ ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਦੀ ਕਪਤਾਨੀ ਵੀ ਕੀਤੀ।
ਸੰਨਿਆਸ ਲੈਣ ਤੋਂ ਬਾਅਦ ਬੇਦੀ 28.71 ਦੀ ਔਸਤ ਨਾਲ 266 ਵਿਕਟਾਂ ਦੇ ਨਾਲ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਸਨ। ਬੇਦੀ ਭਾਰਤ ਦੀ ਮਹਾਨ ਸਪਿਨ ਚੌਕੜੀ ਦਾ ਵੀ ਹਿੱਸਾ ਸਨ ਜਿਸ ’ਚ ਭਾਗਵਤ ਚੰਦਰਸ਼ੇਖਰ, ਇਰਾਪੱਲੀ ਪ੍ਰਸੰਨਾ ਅਤੇ ਸ਼੍ਰੀਨਿਵਾਸ ਵੈਂਕਟਰਾਘਵਨ ਸ਼ਾਮਲ ਸਨ।

 (For more news apart from Bishan Singh Bedi Remembered in world cup match, stay tuned to Rozana Spokesman)