ਏਸ਼ੀਆ ਕੱਪ ਅੱਜ ਤੋਂ ਸ਼ੁਰੂ: ਭਾਰਤ-ਪਾਕਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਸੰਭਾਵਨਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਦਾ 2 ਸਤੰਬਰ ਨੂੰ ਪਾਲੇਕੇਲੇ ’ਚ ਹੋਵੇਗਾ ਪਾਕਿਸਤਾਨ ਨਾਲ ਮੁਕਾਬਲਾ

Asia Cup 2023 Opening ceremony

 

ਕੋਲੰਬੋ: ਮੁਲਤਾਨ ’ਚ ਬੁਧਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ’ਚ ਭਾਰਤ ਅਤੇ ਪਾਕਿਸਤਾਨ ਦੇ ਉਤਸੁਕ ਦਰਸ਼ਕਾਂ ਨੂੰ ਦੋਹਾਂ ਦੇਸ਼ਾਂ ਵਿਚਕਾਰ ਤਿੰਨ ‘ਹਾਈ ਵੋਲਟੇਜ’ ਮੁਕਾਬਲੇ ਵੇਖਣ ਨੂੰ ਮਿਲ ਸਕਦੇ ਹਨ, ਜਦਕਿ ਪੰਜ ਟੀਮਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਅਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਵੇਖਣ ਦਾ ਆਖ਼ਰੀ ਮੌਕਾ ਵੀ ਮਿਲੇਗਾ। ਇਹ ਇਕ ਅਜਿਹਾ ਟੂਰਨਾਮੈਂਟ ਹੈ ਜੋ ਪਿਛਲੇ ਦਹਾਕੇ ’ਚ ਦੁਵੱਲੇ ਮੈਚਾਂ ਦੀ ਵਧਦੀ ਗਿਣਤੀ ਅਤੇ ਟੀ-20 ਕ੍ਰਿਕਟ ਦੀ ਘਟਦੀ ਪ੍ਰਸਿੱਧੀ ਦੇ ਨਾਲ ਪ੍ਰਸੰਗਿਕਤਾ ਲੱਭਣ ਲਈ ਅਕਸਰ ਸੰਘਰਸ਼ ਕਰਦਾ ਰਿਹਾ ਹੈ। ਪਰ ਇਸ ਵਾਰ ਇਹ ਸਾਰੀ ਟੀਮ ਦੇ ‘ਥਿੰਕ ਟੈਂਕ’ ਦਾ ਅਹਿਮ ਹਿੱਸਾ ਜਾਪਦਾ ਹੈ।

 

ਵਿਸ਼ਵ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਤੋਂ ਪਹਿਲਾਂ ਨੇਪਾਲ ਨੂੰ ਛੱਡ ਕੇ ਬਾਕੀ ਪੰਜ ਟੀਮਾਂ ਲਈ ਖਿਡਾਰੀਆਂ ਨੂੰ ਲੈ ਕੇ ਚੱਲ ਰਹੇ ਕੁਝ ਸਵਾਲਾਂ ਦੇ ਜਵਾਬ ਲੱਭਣ ਦਾ ਇਹ ਆਖਰੀ ਮੌਕਾ ਹੋਵੇਗਾ। ਗਲੋਬਲ ਟੂਰਨਾਮੈਂਟ ਤੋਂ ਪਹਿਲਾਂ ਨਿਸ਼ਚਿਤ ਤੌਰ ’ਤੇ ਕੁਝ ਦੁਵੱਲੇ ਅਤੇ ਅਭਿਆਸ ਮੈਚ ਹੋਣਗੇ। ਪਰ ਸ਼੍ਰੀਲੰਕਾ ਅਤੇ ਪਾਕਿਸਤਾਨ ’ਚ ਹੋਣ ਜਾ ਰਹੇ ਏਸ਼ੀਆ ਕੱਪ ਨਾਲ ਸਾਰੀਆਂ ਟੀਮਾਂ ਨੂੰ ਬਹੁ-ਰਾਸ਼ਟਰੀ ਟੂਰਨਾਮੈਂਟ ਦਾ ਮਾਹੌਲ ਮਿਲੇਗਾ, ਜੋ ਲਗਭਗ ਵਿਸ਼ਵ ਕੱਪ ਵਰਗਾ ਹੋਵੇਗਾ।

ਭਾਰਤੀ ਟੀਮ ਸੱਤ ਵਾਰ ਦੀ ਚੈਂਪੀਅਨ ਬਣ ਕੇ ਏਸ਼ੀਆ ਕੱਪ ’ਚ ਪ੍ਰਵੇਸ਼ ਕਰੇਗੀ, ਜੋ ਕਿਸੇ ਵੀ ਟੀਮ ਲਈ ਸਭ ਤੋਂ ਜ਼ਿਆਦਾ ਖਿਤਾਬ ਹੈ, ਪਰ ਟੀਮ ਦੀ ਤਰਜੀਹ ਅੱਠਵਾਂ ਖਿਤਾਬ ਅਪਣੇ ਝੋਲੀ ’ਚ ਪਾਉਣਾ ਨਹੀਂ, ਸਗੋਂ ਮੁੱਖ ਕੋਚ ਰਾਹੁਲ ਦ੍ਰਾਵਿੜ ਅਤੇ ਕਪਤਾਨ ਰੋਹਿਤ ਸ਼ਰਮਾ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਬੱਲੇਬਾਜ਼ੀ ਲੜੀ ਦੇ ਕੁਝ ਥਾਵਾਂ ’ਤੇ ਖਿਡਾਰੀਆਂ ਦਾ ਪ੍ਰਦਰਸ਼ਨ ਵੇਖਣਾ ਚਾਹੁਣਗੇ। ਜੇਕਰ ਟੀਮ ਟਰਾਫੀ ਜਿੱਤਦੀ ਹੈ ਤਾਂ ਇਹ ਖਿਡਾਰੀਆਂ ਦੇ ਮਨੋਬਲ ਲਈ ਫਾਇਦੇਮੰਦ ਹੋਵੇਗਾ।
ਕੇ.ਐਲ. ਰਾਹੁਲ ਪਹਿਲੇ ਦੋ ਮੈਚਾਂ ’ਚ ਨਹੀਂ ਖੇਡਣਗੇ ਜਿਨ੍ਹਾਂ ਨੂੰ ਇਕ ਵਾਧੂ ਸ਼ਰਤ ਦੇ ਨਾਲ ਭਾਰਤੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਰਾਹੁਲ ਨੇ ਸਰਜਰੀ ਤੋਂ ਬਾਅਦ ਰਿਕਵਰੀ ਪ੍ਰਕਿਰਿਆ ਤੋਂ ਬਾਅਦ ਅਪਣੀ ਬੱਲੇਬਾਜ਼ੀ ’ਚ ਬਿਹਤਰੀ ਵਿਖਾਈ ਹੈ ਪਰ ਉਸ ਦੀ ਵਿਕਟ ਕੀਪਿੰਗ ਦੀ ਤਿਆਰੀ ਬਾਰੇ ਅਜੇ ਵੀ ਕੁਝ ਚਿੰਤਾਵਾਂ ਹਨ ਕਿਉਂਕਿ ਉਸ ਨੂੰ ਵਿਕਟ-ਕੀਪਿੰਗ ਅਭਿਆਸ ਦੌਰਾਨ ਮਾਮੂਲੀ ਸੱਟ ਲੱਗ ਗਈ ਸੀ।

 

ਏਸ਼ੀਆ ਕੱਪ ਦੌਰਾਨ ਰਾਹੁਲ ਦੇ ਪ੍ਰਦਰਸ਼ਨ ’ਤੇ ਡੂੰਘਾਈ ਨਾਲ ਨਜ਼ਰ ਰੱਖੀ ਜਾਵੇਗੀ ਕਿਉਂਕਿ ਉਸ ਦੀ ਮੌਜੂਦਗੀ ਭਾਰਤੀ ਮੱਧ ਕ੍ਰਮ ਨੂੰ ਮਜ਼ਬੂਤੀ ਅਤੇ ਲਚਕਤਾ ਪ੍ਰਦਾਨ ਕਰਦੀ ਹੈ। ਭਾਰਤ ਦਾ 2 ਸਤੰਬਰ ਨੂੰ ਪਾਲੇਕੇਲੇ ’ਚ ਪਾਕਿਸਤਾਨ ਨਾਲ ਮੁਕਾਬਲਾ ਹੋਵੇਗਾ ਜਿਸ ’ਚ ਸ਼੍ਰੇਅਸ ਅਈਅਰ ਦੇ ਮੈਦਾਨ ’ਚ ਉਤਰਨ ਦੀ ਉਮੀਦ ਹੈ। ਸ਼੍ਰੇਅਸ ਨੇ ਏਸ਼ੀਆ ਕੱਪ ਟੀਮ ’ਚ ਚੁਣੇ ਜਾਣ ਤੋਂ ਪਹਿਲਾਂ ਨੈੱਟ ’ਚ ਕਾਫੀ ‘ਡਰਿੱਲਸ’ ਕੀਤੀਆਂ ਹਨ ਅਤੇ ਨੈਸ਼ਨਲ ਕ੍ਰਿਕਟ ਅਕੈਡਮੀ ’ਚ ‘ਮੈਚ ਸਿਮੂਲੇਸ਼ਨ’ ਵੀ ਕੀਤੀ ਹੈ। ਪਰ ਟੀਮ ਪ੍ਰਬੰਧਨ ਇਹ ਦੇਖਣ ਲਈ ਉਤਸੁਕ ਹੋਵੇਗਾ ਕਿ ਸੱਜੇ ਹੱਥ ਦਾ ਬੱਲੇਬਾਜ਼ ਅਸਲ ਮੈਚ ਦੇ ਹਾਲਾਤ ’ਚ ਕਿਵੇਂ ਪ੍ਰਦਰਸ਼ਨ ਕਰਦਾ ਹੈ।