13 ਮੈਚਾਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਨੇ ਹਰਾਇਆ ਆਸਟ੍ਰੇਲੀਆ

ਏਜੰਸੀ

ਖ਼ਬਰਾਂ, ਖੇਡਾਂ

ਰੋਮਾਂਚਕ ਮੁਕਾਬਲੇ 'ਚ 4-3 ਨਾਲ ਹਾਸਲ ਕੀਤੀ ਜਿੱਤ

Representational Image

 

ਐਡੀਲੇਡ - ਭਾਰਤੀ ਪੁਰਸ਼ ਹਾਕੀ ਟੀਮ ਨੇ ਬੁੱਧਵਾਰ ਨੂੰ ਇੱਥੇ ਪੰਜ ਮੈਚਾਂ ਦੀ ਲੜੀ ਦੇ ਤੀਜੇ ਟੈਸਟ ਮੈਚ ਵਿੱਚ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨੂੰ 4-3 ਨਾਲ ਹਰਾ ਦਿੱਤਾ।

ਭਾਰਤੀ ਟੀਮ ਦੀ 13 ਮੈਚਾਂ ਤੋਂ ਬਾਅਦ ਆਸਟ੍ਰੇਲੀਆ ਖਿਲਾਫ ਇਹ ਪਹਿਲੀ ਜਿੱਤ ਹੈ।

ਸ਼ੁਰੂਆਤੀ ਦੋਵੇਂ ਮੈਚਾਂ 'ਚ ਜਿੱਤ ਦਰਜ ਕਰਨ 'ਚ ਨਾਕਾਮ ਰਿਹਾ ਭਾਰਤ ਇਸ ਅਣਕਿਆਸੀ ਸਫਲਤਾ ਨਾਲ ਸੀਰੀਜ਼ ਨੂੰ ਬਰਕਰਾਰ ਰੱਖਣ 'ਚ ਕਾਮਯਾਬ ਰਿਹਾ। ਇਸ ਜਿੱਤ ਤੋਂ ਬਾਅਦ ਭਾਰਤ ਸੀਰੀਜ਼ 'ਚ 1-2 ਨਾਲ ਪਿੱਛੇ ਹੈ। ਮਹਿਮਾਨ ਟੀਮ ਨੂੰ ਪਹਿਲੇ ਦੋ ਟੈਸਟ ਮੈਚਾਂ ਵਿੱਚ 4-5 ਅਤੇ 4-7 ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। 

ਟੀਮ ਲਈ ਕਪਤਾਨ ਹਰਮਨਪ੍ਰੀਤ ਸਿੰਘ (12ਵੇਂ ਮਿੰਟ), ਅਭਿਸ਼ੇਕ (47ਵੇਂ ਮਿੰਟ), ਸ਼ਮਸ਼ੇਰ ਸਿੰਘ (57ਵੇਂ ਮਿੰਟ) ਅਤੇ ਅਕਾਸ਼ਦੀਪ ਸਿੰਘ (60ਵੇਂ ਮਿੰਟ) ਨੇ ਗੋਲ ਕੀਤੇ।

ਆਸਟਰੇਲੀਆ ਲਈ ਜੈਕ ਵੇਲਚ (25ਵੇਂ), ਕਪਤਾਨ ਏਰਨ ਜ਼ਾਲੇਵਸਕੀ (32ਵੇਂ) ਅਤੇ ਨਾਥਨ ਇਫ੍ਰੇਮਸ (59ਵੇਂ) ਨੇ ਗੋਲ ਕੀਤੇ।

ਸੀਰੀਜ਼ ਦਾ ਚੌਥਾ ਮੈਚ ਸ਼ਨੀਵਾਰ ਅਤੇ ਆਖਰੀ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

ਤਾਜ਼ਾ ਮੈਚ ਵਿੱਚ ਦੋਵਾਂ ਟੀਮਾਂ ਨੇ ਧੀਰਜ ਨਾਲ ਸ਼ੁਰੂਆਤ ਕੀਤੀ, ਅਤੇ ਜਵਾਬੀ ਹਮਲੇ ਕਰਨ ਦੀ ਬਜਾਏ ਵਿਰੋਧੀ ਟੀਮ ਨੂੰ ਮੌਕੇ ਦੇਣ ਤੋਂ ਬਚਣ ਦੀ ਕੋਸ਼ਿਸ਼ ਕੀਤੀ।

ਹਾਲਾਂਕਿ ਆਸਟਰੇਲੀਆ ਨੇ ਮੈਚ ਦਾ ਪਹਿਲਾ ਮੌਕਾ ਸੱਤਵੇਂ ਮਿੰਟ ਵਿੱਚ ਬਣਾਇਆ, ਪਰ ਉਸ ਦੇ ਖਿਡਾਰੀ ਗੋਲਕੀਪਰ ਕ੍ਰਿਸ਼ਨ ਬਹਾਦੁਰ ਪਾਠਕ ਦੀ ਚੌਕਸੀ ਤੋਂ ਬਾਅਦ ਭਾਰਤੀ ਡਿਫੈਂਸ ਨੂੰ ਚਕਮਾ ਨਹੀਂ ਦੇ ਸਕੇ।

ਪੰਜ ਮਿੰਟ ਬਾਅਦ ਭਾਰਤੀ ਕਪਤਾਨ ਨੇ ਤਾਕਤ ਦੀ ਵਰਤੋਂ ਕਰਨ ਦੀ ਬਜਾਏ 'ਪਲੇਸਮੈਂਟ' 'ਤੇ ਧਿਆਨ ਦੇ ਕੇ ਪੈਨਲਟੀ ਕਾਰਨਰ ਤੋਂ ਲੀਡ ਹਾਸਲ ਕੀਤੀ, ਅਤੇ ਆਸਟਰੇਲੀਆ ਦੇ ਗੋਲਕੀਪਰ ਜੋਹਾਨ ਡਰਸਟ ਦੇ ਸੱਜੇ ਪਾਸੇ ਗੋਲ ਕੀਤਾ।

ਇਸ ਤੋਂ ਤੁਰੰਤ ਬਾਅਦ ਸੁਖਜੀਤ ਸਿੰਘ ਨੇ ਆਪਣੇ ਹੁਨਰ ਦੇ ਜੌਹਰ ਦਿਖਾਏ, ਪਰ ਉਸ ਦੀ ਕੋਸ਼ਿਸ਼ ਗੋਲ ਵਿੱਚ ਤਬਦੀਲ ਨਾ ਹੋ ਸਕੀ।

ਮੈਚ ਦੇ ਦੂਜੇ ਅੱਧ ਵਿੱਚ ਭਾਰਤ ਦੇ ਤਜਰਬੇਕਾਰ ਗੋਲਕੀਪਰ ਪੀ.ਆਰ ਸ੍ਰੀਜੇਸ਼ ਨੇ 20ਵੇਂ ਮਿੰਟ ਵਿੱਚ ਗੋਲ ਕਰਨ ਦੀਆਂ ਦੋ ਹੋਰ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਉਸ ਨੇ ਫੀਲਡ ਸ਼ਾਟ 'ਤੇ ਸ਼ਾਨਦਾਰ ਬਚਾਅ ਕੀਤਾ ਅਤੇ ਇੱਕ ਮਿੰਟ ਬਾਅਦ ਆਸਟਰੇਲੀਆ ਨੂੰ ਪੈਨਲਟੀ ਕਾਰਨਰ ਨਾਲ ਗੋਲ ਕਰਨ ਤੋਂ ਰੋਕਿਆ। 

ਵੇਲਚ ਵੱਲੋਂ ਸੀਰੀਜ਼ ਦੇ ਤੀਜੇ ਗੋਲ ਨਾਲ ਆਸਟਰੇਲੀਆ ਨੇ 25ਵੇਂ ਮਿੰਟ ਵਿੱਚ ਬਰਾਬਰੀ ਕਰ ਲਈ। ਸ਼੍ਰੀਜੇਸ਼ ਨੇ ਪੈਨਲਟੀ ਕਾਰਨਰ 'ਤੇ ਜੈਰੀ ਹੇਵਰਡ ਦੀ ਡਰੈਗ-ਫਲਿਕ ਨੂੰ ਉੱਚਾ ਕੀਤਾ ਪਰ ਵੇਲਚ ਨੇ ਰੀਬਾਉਂਡ 'ਤੇ ਇਸ ਨੂੰ ਗੋਲ 'ਚ ਬਦਲ ਦਿੱਤਾ।

ਅੰਤਰਾਲ ਤੋਂ ਬਾਅਦ ਆਸਟ੍ਰੇਲੀਆ ਨੇ ਬੜ੍ਹਤ ਹਾਸਲ ਕਰਨ ਲਈ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ, ਅਤੇ ਦੋ ਮਿੰਟਾਂ ਦੇ ਅੰਦਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ। ਸ਼੍ਰੀਜੇਸ਼ ਇੱਕ ਨੂੰ ਰੋਕਣ ਵਿੱਚ ਸਫਲ ਰਿਹਾ, ਜਦ ਕਿ ਕਪਤਾਨ ਜਾਲੇਵਸਕੀ ਨੇ ਟਿਮ ਹਾਵਰਡ ਦੇ ਸ਼ਾਟ 'ਤੇ ਗੋਲ ਕਰਕੇ ਆਸਟਰੇਲੀਆ ਨੂੰ 2-1 ਨਾਲ ਅੱਗੇ ਕਰ ਦਿੱਤਾ।

ਮੈਚ ਦੇ ਆਖਰੀ ਕੁਆਰਟਰ 'ਚ ਅਭਿਸ਼ੇਕ ਨੇ ਹਰਮਨਪ੍ਰੀਤ ਦੀ ਫਲਿੱਕ ਨੂੰ ਗੋਲ ਪੋਸਟ ਦੇ ਪਾਰ ਲਗਾ ਕੇ 2-2 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਭਾਰਤ ਨੂੰ 52ਵੇਂ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਦਾ ਫਾਇਦਾ ਚੁੱਕਣ 'ਚ ਨਾਕਾਮ ਰਹੀ। ਇਸ ਤੋਂ ਬਾਅਦ ਰਾਜਕੁਮਾਰ ਪਾਲ ਦਾ ਸ਼ਾਟ ਦਾਇਰੇ ਤੋਂ ਬਾਹਰ ਚਲਾ ਗਿਆ।

ਭਾਰਤੀ ਟੀਮ ਨੇ ਇਸ ਕੁਆਰਟਰ ਵਿੱਚ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ, ਅਤੇ ਟੀਮ ਇੱਕ ਹੋਰ ਪੈਨਲਟੀ ਕਾਰਨਰ ਹਾਸਲ ਕਰਨ ਵਿੱਚ ਕਾਮਯਾਬ ਰਹੀ। ਜੁਗਰਾਜ ਦੀ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਸ਼ਮਸ਼ੇਰ ਨੇ ਗੇਂਦ 'ਤੇ ਕਾਬੂ ਬਣਾਇਆ ਅਤੇ ਗੋਲ ਕੀਤਾ।

ਆਸਟਰੇਲੀਆ ਨੇ ਮੈਚ ਦੇ ਆਖ਼ਰੀ ਮਿੰਟ ਵਿੱਚ ਐਫਰਾਮਸ ਦੇ ਗੋਲ ਨਾਲ ਬਰਾਬਰੀ ਕਰ ਲਈ, ਪਰ ਫਾਈਨਲ ਹੂਟਰ ਤੋਂ 54 ਸਕਿੰਟ ਪਹਿਲਾਂ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਨੂੰ ਮਨਦੀਪ ਸਿੰਘ ਦੇ ਸ਼ਾਟ 'ਤੇ ਗੋਲ ਵਿੱਚ ਬਦਲ ਕੇ ਆਕਾਸ਼ਦੀਪ ਨੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ।