Bookie Sanjeev Chawla ਨੇ ਕੀਤੇ ਸਨਸਨੀਖੇਜ਼ ਖੁਲਾਸੇ, ਕਿਹਾ- ਹਰ ਮੈਚ ਹੁੰਦਾ ਹੈ ਫਿਕਸ

ਏਜੰਸੀ

ਖ਼ਬਰਾਂ, ਖੇਡਾਂ

ਸਾਲ 2000 ਵਿਚ ਹੋਏ ਫਿਕਸਿੰਗ ਕਾਂਡ ਦੇ ਮੁੱਖ ਅਰੋਪੀ ਸੰਜੀਵ ਚਾਵਲਾ ਨੇ ਇਕ ਬਿਆਨ ਦੇ ਕੇ ਪੂਰੇ ਕ੍ਰਿਕਟ ਜਗਤ ਨੂੰ ਹਿਲਾ ਦਿੱਤਾ ਹੈ।

Bookie Sanjeev Chawla

ਨਵੀਂ ਦਿੱਲੀ: ਸਾਲ 2000 ਵਿਚ ਹੋਏ ਫਿਕਸਿੰਗ ਕਾਂਡ ਦੇ ਮੁੱਖ ਅਰੋਪੀ ਸੰਜੀਵ ਚਾਵਲਾ ਨੇ ਇਕ ਬਿਆਨ ਦੇ ਕੇ ਪੂਰੇ ਕ੍ਰਿਕਟ ਜਗਤ ਨੂੰ ਹਿਲਾ ਦਿੱਤਾ ਹੈ। ਉਹਨਾਂ ਕਿਹਾ ਕਿ ਹਰ ਮੈਚ ਫਿਕਸ ਹੁੰਦਾ ਹੈ। ਦਿੱਲੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਸੰਜੀਵ ਨੇ ਖੁਲਾਸਾ ਕੀਤਾ ਕਿ ਹਰ ਮੈਚ ਪਹਿਲਾਂ ਤੋਂ ਤੈਅ ਹੁੰਦਾ ਹੈ।

ਖ਼ਬਰਾਂ ਮੁਤਾਬਕ ਚਾਵਲਾ ਨੇ ਫਿਕਸਿੰਗ ਦੇ ਪਿੱਛੇ ਅੰਡਰਵਰਲਡ ਦਾ ਹੱਥ ਦੱਸਿਆ ਅਤੇ ਇਸ ਦੇ ਨਾਲ ਹੀ ਕਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ। ਮੀਡੀਆ ਰਿਪੋਰਟ ਮੁਤਾਬਕ ਚਾਵਲਾ ਨੇ ਕਿਹਾ, 'ਕ੍ਰਿਕਟ ਦਾ ਕੋਈ ਵੀ ਮੈਚ ਨਿਰਪੱਖ ਨਹੀਂ ਹੁੰਦਾ, ਹਰ ਮੈਚ ਜੋ ਦਰਸ਼ਕ ਦੇਖਣ ਪਹੁੰਚਦੇ ਹਨ, ਉਹ ਫਿਕਸ ਹੁੰਦਾ ਹੈ।

ਅੰਡਰਵਰਲਡ ਇਹਨਾਂ ਮੈਚਾਂ ਨੂੰ ਉਸੇ ਤਰ੍ਹਾਂ ਕੰਟਰੋਲ ਕਰਦੇ ਹਨ, ਜਿਵੇਂ ਨਿਰਦੇਸ਼ਕ ਫਿਲਮਾਂ ਨੂੰ ਕਰਦੇ ਹਨ'। ਸੰਜੀਵ ਨੇ ਜ਼ਿਆਦਾ ਗੱਲਾਂ ਨਹੀਂ ਦੱਸੀਆਂ ਕਿਉਂਕਿ ਉਹਨਾਂ ਮੁਤਾਬਕ ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਵੇਗਾ। ਦੂਜੇ ਪਾਸੇ ਪੁਲਿਸ ਕ੍ਰਾਈਮ ਮਾਹਰ ਪ੍ਰਾਵੀਰ ਰੰਜਨ ਦਾ ਕਹਿਣਾ ਹੈ ਕਿ ਪੁਲਿਸ ਹਾਲੇ ਵੀ ਇਸ ਮਾਮਲੇ ਦੀ ਪੁੱਛ-ਗਿੱਛ ਕਰ ਰਹੀ ਹੈ।

ਉਹਨਾਂ ਨੇ ਕਿਹਾ, 'ਫਿਲਹਾਲ ਅਸੀਂ ਕਿਸੇ ਵੀ ਤਰ੍ਹਾਂ ਦੀ ਜਰੂਰੀ ਜਾਣਕਾਰੀ ਸ਼ੇਅਰ ਨਹੀਂ ਕਰ ਸਕਦੇ'। ਸੰਜੀਵ ਦਾ ਇਹ ਬਿਆਨ ਅਰੋਪ ਪੱਤਰ ਦਾ ਹਿੱਸਾ ਹੈ ਹਾਲਾਂਕਿ ਇਸ 'ਤੇ ਚਾਵਲਾ ਦਸਤਖਤ ਨਹੀਂ ਹਨ। ਚਾਵਲਾ ਦੇ ਨਾਲ ਇਸ ਕੇਸ ਵਿਚ ਕ੍ਰਿਸ਼ਨ ਕੁਮਾਰ, ਰਾਜੇਸ਼ ਕਾਲਰਾ ਅਤੇ ਸੁਨੀਲ ਧਾਰਾ ਵੀ ਅਰੋਪੀ ਹਨ ਜੋ ਕਿ ਫਿਲਹਾਲ ਜ਼ਮਾਨਤ 'ਤੇ ਰਿਹਾਅ ਹਨ। 

ਪੁਲਿਸ ਨੇ ਸੰਜੀਵ ਚਾਵਲਾ 'ਤੇ ਪੰਜ ਮੈਚਾਂ ਦੀ ਫਿਕਸਿੰਗ ਵਿਚ ਸ਼ਾਮਲ ਹੋਣ ਦਾ ਅਰੋਪ ਲਗਾਇਆ ਹੈ। ਪੁਲਿਸ ਨੇ ਦਿੱਲੀ ਦੀ ਅਦਾਲਤ ਨੂੰ ਦੱਸਿਆ ਸੀ ਕਿ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਕਰੋਂਜੇ ਵੀ ਮੈਚ ਫਿਕਸਿੰਗ ਮਾਮਲੇ ਵਿਚ ਸ਼ਾਮਲ ਸਨ।

ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਕਰੋਂਜੇ ਦੀ ਮੌਤ 2002 ਵਿਚ ਇਕ ਜਹਾਜ਼ ਹਾਦਸੇ ਦੌਰਾਨ ਹੋਈ ਸੀ। ਚਾਵਲਾ ਦਾ ਇਲਜ਼ਾਮ ਹੈ ਕਿ ਫਰਵਰੀ-ਮਾਰਚ 2000 ਵਿਚ ਉਹਨਾਂ ਨੇ ਦੱਖਣੀ ਅਫਰੀਕਾ ਦੀ ਟੀਮ ਦੇ ਭਾਰਤ ਦੌਰੇ ਨੂੰ ਫਿਕਸ ਕਰਨ ਲਈ ਕ੍ਰੋਂਜੇ ਨਾਲ ਪੂਰੀ ਪਲਾਨਿੰਗ ਕੀਤੀ ਸੀ।