Olympic Games 2024 Day 5 : ਸਵਪਨਿਲ ਕੁਸਲੇ 50 ਮੀਟਰ ਰਾਈਫਲ 3 ਪੋਜੀਸ਼ਨ ਦੇ ਫਾਈਨਲ ’ਚ, ਸੇਨ ਤੇ ਸਿੰਧੂ ਪ੍ਰੀ ਕੁਆਰਟਰ ਫਾਈਨਲ ’ਚ ਪਹੁੰਚੇ 

ਏਜੰਸੀ

ਖ਼ਬਰਾਂ, ਖੇਡਾਂ

ਮਨਿਕਾ ਬੱਤਰਾ ਨੇ ਵੀ ਆਖਰੀ 16 ’ਚ ਥਾਂ ਬਣਾਈ, ਭਾਰਤੀ ਟੇਬਲ ਟੈਨਿਸ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ

PV Sindhu, Swapnil Kusle

Olympic Games 2024 Day 5 : ਪੈਰਿਸ: ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਲੇ ਨੇ ਬੁਧਵਾਰ ਨੂੰ ਪੈਰਿਸ ਓਲੰਪਿਕ ’ਚ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ਦੇ ਫਾਈਨਲ ’ਚ ਪੈਰ ਰਖਿਆ ਜਦਕਿ ਦੇਸ਼ ਦੇ ਐਥਲੀਟ ਬੈਡਮਿੰਟਨ, ਤੀਰਅੰਦਾਜ਼ੀ, ਟੇਬਲ ਟੈਨਿਸ ਅਤੇ ਮੁੱਕੇਬਾਜ਼ੀ ਮੁਕਾਬਲੇ ਦੇ ਅਗਲੇ ਗੇੜ ’ਚ ਪਹੁੰਚੇ। 

ਨਿਸ਼ਾਨੇਬਾਜ਼ ਕੁਸਲੇ ਫਾਈਨਲ ’ਚ, ਐਸ਼ਵਰਿਆ ਖੁੰਝੇ: ਕੁਸਾਲੇ ਨੇ ਫਾਈਨਲ ਲਈ ਕੁਆਲੀਫਾਈ ਕੀਤਾ, ਜਦਕਿ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਫਾਈਨਲ ਤੋਂ ਬਾਹਰ ਹੋ ਗਏ। ਕੁਸਾਲੇ ਕੁਆਲੀਫਾਇੰਗ ਗੇੜ ’ਚ 590 (38 ਐਕਸ) ਦੇ ਸਕੋਰ ਨਾਲ ਸੱਤਵੇਂ ਸਥਾਨ ’ਤੇ ਰਹੇ। ਐਸ਼ਵਰਿਆ ਪ੍ਰਤਾਪ 589 (33 ਐਕਸ) ਦੇ ਸਕੋਰ ਨਾਲ 11ਵੇਂ ਸਥਾਨ ’ਤੇ ਰਹੇ। ਸਿਰਫ ਚੋਟੀ ਦੇ ਅੱਠ ਨਿਸ਼ਾਨੇਬਾਜ਼ ਹੀ ਫਾਈਨਲ ਲਈ ਕੁਆਲੀਫਾਈ ਕਰਦੇ ਹਨ। 

ਕੁਸਾਲੇ ਨੇ ਨੀਲਿੰਗ ’ਚ 198 (99 ਅਤੇ 99), ਪ੍ਰੋਨ ਵਿਚ 197 (98 ਅਤੇ 99) ਅਤੇ ਸਟਰੈਂਡਿੰਗ ਸਥਿਤੀ ਵਿਚ 195 (98 ਅਤੇ 97) ਅੰਕ ਹਾਸਲ ਕੀਤੇ ਹਨ। ਐਸ਼ਵਰਿਆ ਪ੍ਰਤਾਪ ਨੇ ਨੀਲਿੰਗ ’ਚ 197 (98 ਅਤੇ 99), ਪ੍ਰੋਨ ’ਚ 199 (100 ਅਤੇ 99) ਅਤੇ ਸਟ?ਰੈਂਡਿੰਗ ਪੋਜ਼ੀਸ਼ਨ ’ਚ 193 (95 ਅਤੇ 98) ਸਕੋਰ ਕੀਤੇ। ਫਾਈਨਲ ਵੀਰਵਾਰ ਨੂੰ ਖੇਡਿਆ ਜਾਵੇਗਾ। 

ਭਾਰਤ ਦੀਆਂ ਤਿੰਨ ਟੀਮਾਂ ਕੁਸਾਲੇ, ਐਸ਼ਵਰਿਆ ਪ੍ਰਤਾਪ ਅਤੇ ਅਖਿਲ ਸ਼ਿਓਰਾਨ ਨੇ ਪਿਛਲੇ ਸਾਲ ਹਾਂਗਝੂ ਏਸ਼ੀਆਈ ਖੇਡਾਂ ’ਚ ਇਸ ਮੁਕਾਬਲੇ ’ਚ ਟੀਮ ਸੋਨ ਤਮਗਾ ਜਿੱਤਿਆ ਸੀ। ਕੋਲਹਾਪੁਰ ’ਚ ਤੇਜਸਵਿਨੀ ਸਾਵੰਤ ਦੀ ਅਗਵਾਈ ਹੇਠ ਕੁਸਲੇ ਅਭਿਆਸ ਕਰਦੇ ਹਨ। ਉਹ ਪਿਛਲੇ ਸਾਲ ਏਸ਼ੀਆਈ ਖੇਡਾਂ ’ਚ ਇਸ ਮੁਕਾਬਲੇ ਦੇ ਵਿਅਕਤੀਗਤ ਵਰਗ ’ਚ ਚੌਥੇ ਸਥਾਨ ’ਤੇ ਰਹੇ ਸਨ। 

ਆਤਮਵਿਸ਼ਵਾਸ ਨਾਲ ਭਰੀ ਮੁੱਕੇਬਾਜ਼ ਲਵਲੀਨਾ ਤਮਗਾ ਜਿੱਤਣ ਤੋਂ ਸਿਰਫ ਇਕ ਕਦਮ ਦੂਰ: ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ (75 ਕਿਲੋਗ੍ਰਾਮ) ਨੇ ਅਪਣੇ ਪਹਿਲੇ ਮੁਕਾਬਲੇ ਵਿਚ ਨਾਰਵੇ ਦੀ ਸੁੰਨੀਵਾ ਹੋਫਸਟੈਡ ਨੂੰ 5-5 ਨਾਲ ਹਰਾਇਆ। ਉਹ 0 ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਲਵਲੀਨਾ ਨੇ ਟੋਕੀਓ ’ਚ 69 ਕਿਲੋਗ੍ਰਾਮ ਵਰਗ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਹ ਲਗਾਤਾਰ ਦੂਜਾ ਓਲੰਪਿਕ ਤਮਗਾ ਜਿੱਤਣ ਅਤੇ ਭਾਰਤੀ ਮੁੱਕੇਬਾਜ਼ੀ ’ਚ ਇਕ ਬੇਮਿਸਾਲ ਪ੍ਰਾਪਤੀ ਜਿੱਤਣ ਤੋਂ ਸਿਰਫ ਇਕ ਜਿੱਤ ਦੂਰ ਹੈ। 

ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ ਕਿਉਂਕਿ ਉਸ ਦਾ ਅਗਲਾ ਮੁਕਾਬਲਾ 4 ਅਗੱਸਤ ਨੂੰ ਚੀਨ ਦੀ ਚੋਟੀ ਦੀ ਦਰਜਾ ਪ੍ਰਾਪਤ ਲੀ ਕਿਆਨ ਨਾਲ ਹੋਵੇਗਾ। ਇਸ ਮੈਚ ’ਚ ਜਿੱਤ ਨਾਲ ਲਵਲੀਨਾ ਲਈ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਹੋ ਜਾਵੇਗਾ। 

ਪ੍ਰੀਤੀ ਪਵਾਰ ਨੂੰ ਹਾਲਾਂਕਿ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੀਤੀ ਨੇ ਮੰਗਲਵਾਰ ਦੇਰ ਰਾਤ ਔਰਤਾਂ ਦੇ 54 ਕਿਲੋਗ੍ਰਾਮ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ ’ਚ ਕੋਲੰਬੀਆ ਦੀ ਪੈਨ ਅਮਰੀਕਨ ਖੇਡਾਂ ਦੀ ਚੈਂਪੀਅਨ ਅਤੇ ਵਿਸ਼ਵ ਚਾਂਦੀ ਤਮਗਾ ਜੇਤੂ ਯੇਨੀ ਮਾਰਸੇਲਾ ਏਰਿਅਸ ਨੂੰ ਸਖਤ ਟੱਕਰ ਦਿਤੀ ਪਰ ਫਿਰ ਵੀ ਉਹ 2-3 ਨਾਲ ਹਾਰ ਗਈ। 

ਸੇਨ ਅਤੇ ਸਿੰਧੂ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚੇ: ਭਾਰਤੀ ਬੈਡਮਿੰਟਨ ਸਟਾਰ ਲਕਸ਼ਯ ਸੇਨ ਅਤੇ ਪੀਵੀ ਸਿੰਧੂ ਨੇ ਅਪਣੇ -ਅਪਣੇ ਮੈਚ ਸ਼ਾਨਦਾਰ ਜਿੱਤ ਕੇ ਸਿੰਗਲਜ਼ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। 

ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ 33 ਮਿੰਟ ਤਕ ਚੱਲੇ ਇਕਪਾਸੜ ਮੁਕਾਬਲੇ ਵਿਚ ਐਸਟੋਨੀਆ ਦੀ ਕ੍ਰਿਸਟੀਨ ਕੁਬਾ ਨੂੰ 21-5, 21-10 ਨਾਲ ਹਰਾਇਆ। ਰੀਓ ਓਲੰਪਿਕ ’ਚ ਚਾਂਦੀ ਅਤੇ ਟੋਕੀਓ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਸਿੰਧੂ ਦਾ ਮੁਕਾਬਲਾ ਦੁਨੀਆਂ ਦੀ ਨੌਵੇਂ ਨੰਬਰ ਦੀ ਚੀਨ ਦੀ ਹੀ ਬਿੰਗਜਿਆਓ ਨਾਲ ਹੋ ਸਕਦਾ ਹੈ, ਜਿਸ ਦੇ ਵਿਰੁਧ ਉਹ 11 ਵਾਰ ਹਾਰੀ ਹੈ ਅਤੇ 9 ਵਾਰ ਜਿੱਤੀ ਹੈ। 

ਵਿਸ਼ਵ ਚੈਂਪੀਅਨਸ਼ਿਪ 2021 ਦੇ ਕਾਂਸੀ ਤਮਗਾ ਜੇਤੂ ਅਲਮੋੜਾ ਦੇ 23 ਸਾਲਾ ਲਕਸ਼ਯ ਨੇ ਵਿਸ਼ਵ ਦੇ ਚੌਥੇ ਨੰਬਰ ਦੇ ਇੰਡੋਨੇਸ਼ੀਆ ਦੇ ਜੋਨਾਟਨ ਕ੍ਰਿਸਟੀ ਨੂੰ 50 ਮਿੰਟ ’ਚ 21-18, 21-12 ਨਾਲ ਹਰਾਇਆ। ਪ੍ਰੀ-ਕੁਆਰਟਰ ਫਾਈਨਲ ਦੇ ਆਖਰੀ ਗਰੁੱਪ ਮੈਚ ’ਚ ਲਕਸ਼ਯ ਦਾ ਮੁਕਾਬਲਾ ਹਮਵਤਨ ਐਚ.ਐਸ. ਪ੍ਰਣਯ ਨਾਲ ਹੋ ਸਕਦਾ ਹੈ, ਜਿਸ ਦਾ ਮੁਕਾਬਲਾ ਵੀਅਤਨਾਮ ਦੇ ਲੀ ਡੁਕ ਫਾਟ ਨਾਲ ਹੋਵੇਗਾ। 

ਲਕਸ਼ਯ ਨੇ ਚਾਰ ਸਾਲ ਪਹਿਲਾਂ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਕ੍ਰਿਸਟੀ ਨੂੰ ਸਿਰਫ ਇਕ ਵਾਰ ਹਰਾਇਆ ਸੀ। ਕ੍ਰਿਸਟੀ ਨੇ ਓਲੰਪਿਕ ਮੁਕਾਬਲੇ ਤੋਂ ਪਹਿਲਾਂ ਪੰਜ ਵਿਚੋਂ ਚਾਰ ਮੁਕਾਬਲੇ ਜਿੱਤੇ ਸਨ। ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਪ੍ਰੀ-ਕੁਆਰਟਰ ਫਾਈਨਲ ’ਚ : ਭਾਰਤ ਦੀ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਲਗਾਤਾਰ ਦੋ ਮੈਚ ਜਿੱਤ ਕੇ ਮਹਿਲਾ ਵਿਅਕਤੀਗਤ ਵਰਗ ਦੇ ਪ੍ਰੀ-ਕੁਆਰਟਰ ਫਾਈਨਲ ’ਚ ਪ੍ਰਵੇਸ਼ ਕਰ ਲਿਆ ਹੈ। 

ਕੁੱਝ ਦਿਨ ਪਹਿਲਾਂ ਭਾਰਤੀ ਮਹਿਲਾ ਤੀਰਅੰਦਾਜ਼ਾਂ ਦੀ ਟੀਮ ਕੁਆਰਟਰ ਫਾਈਨਲ ’ਚ ਨੀਦਰਲੈਂਡ ਤੋਂ ਹਾਰ ਗਈ ਸੀ, ਜਿਸ ’ਚ ਦੀਪਿਕਾ ਦੇ ਪ੍ਰਦਰਸ਼ਨ ਦੀ ਕਾਫੀ ਆਲੋਚਨਾ ਹੋਈ ਸੀ। ਦੀਪਿਕਾ ਨੇ ਵਿਅਕਤੀਗਤ ਵਰਗ ਵਿਚ ਸ਼ੂਟਆਫ ਵਿਚ ਐਸਟੋਨੀਆ ਦੀ ਰੀਨਾ ਪਰਨਾਟ ਨੂੰ 6-5 ਨਾਲ ਹਰਾਇਆ। ਇਸ ਤੋਂ ਬਾਅਦ ਨੀਦਰਲੈਂਡ ਦੀ ਕੁਇੰਟੀ ਰੋਫੇਨ ਨੂੰ 6-2 ਨਾਲ ਮਾਤ ਦਿਤੀ। ਹੁਣ ਪ੍ਰੀ-ਕੁਆਰਟਰ ਫਾਈਨਲ ’ਚ ਉਸ ਦਾ ਮੁਕਾਬਲਾ ਜਰਮਨੀ ਦੀ ਮਿਸ਼ੇਲ ਕ੍ਰੋਪੇਨ ਨਾਲ ਹੋਵੇਗਾ। 

ਟੇਬਲ ਟੈਨਿਸ ਖਿਡਾਰੀ ਸ਼੍ਰੀਜਾ ਅਕੁਲਾ ਪ੍ਰੀ-ਕੁਆਰਟਰ ਫਾਈਨਲ ’ਚ ਪਹੁੰਚੀ: ਸ਼੍ਰੀਜਾ ਅਕੁਲਾ ਨੇ ਸਿੰਗਾਪੁਰ ਦੀ ਜਿਆਨ ਝੇਂਗ ਨੂੰ 51 ਮਿੰਟ ਤਕ ਚੱਲੇ ਮੁਕਾਬਲੇ ’ਚ 4-2 ਨਾਲ ਹਰਾ ਕੇ ਟੇਬਲ ਟੈਨਿਸ ਮਹਿਲਾ ਸਿੰਗਲਜ਼ ਮੁਕਾਬਲੇ ਦੇ ਪ੍ਰੀ-ਕੁਆਰਟਰ ਫਾਈਨਲ ’ਚ ਥਾਂ ਬਣਾਈ। ਅਪਣੇ 26ਵੇਂ ਜਨਮਦਿਨ ’ਤੇ ਸ਼੍ਰੀਜਾ ਨੇ 9-11, 12-10, 11-4, 11-5, 10-12, 12-10 ਨਾਲ ਜਿੱਤ ਦਰਜ ਕੀਤੀ। ਸ਼੍ਰੀਜਾ ਦਾ ਅਗਲਾ ਮੁਕਾਬਲਾ ਚੀਨ ਦੀ ਨੰਬਰ ਇਕ ਖਿਡਾਰੀ ਸੁਨ ਯਿੰਗਸ਼ਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਮਨਿਕਾ ਬੱਤਰਾ ਨੇ ਵੀ ਆਖਰੀ 16 ’ਚ ਥਾਂ ਬਣਾਈ। ਭਾਰਤੀ ਟੇਬਲ ਟੈਨਿਸ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ। ਪਰ ਉਹ ਕੁਆਰਟਰ ਫ਼ਾਈਨਲ ’ਚ ਥਾਂ ਨਹੀਂ ਬਣਾ ਸਕੀ ਅਤੇ ਜਾਪਾਨ ਦੀ ਹਰੀਨੋ ਮੀਊ ਤੋਂ 4-1 ਨਾਲ ਹਰ ਗਈ। 

ਘੋੜਸਵਾਰੀ ’ਚ ਅਨੁਸ਼ ਅਗਰਵਾਲ ਵਿਅਕਤੀਗਤ ਡਰੈਸੇਜ ’ਚ ਮੈਡਲ ਦੀ ਦੌੜ ਤੋਂ ਬਾਹਰ: ਭਾਰਤ ਦੇ ਅਨੁਸ਼ ਅਗਰਵਾਲ ਓਲੰਪਿਕ ਘੋੜਸਵਾਰ ਵਿਅਕਤੀਗਤ ਡਰੈਸੇਜ ’ਚ 66.444 ਦੇ ਸਕੋਰ ਨਾਲ ਅਪਣੇ ਗਰੁੱਪ ’ਚ ਨੌਵੇਂ ਸਥਾਨ ’ਤੇ ਰਹਿਣ ਤੋਂ ਬਾਅਦ ਫਾਈਨਲ ਲਈ ਕੁਆਲੀਫਾਈ ਕਰਨ ਤੋਂ ਖੁੰਝ ਗਏ।