ਵਿਵਾਦਿਤ ਬਿਆਨ 'ਤੇ ਹਰਕ ਸਿੰਘ ਰਾਵਤ ਅਤੇ ਕਾਂਗਰਸ ਨੇ ਸਿੱਖਾਂ ਤੋਂ ਮੰਗੀ ਮੁਆਫ਼ੀ

ਏਜੰਸੀ

ਖ਼ਬਰਾਂ, ਉੱਤਰਾਖੰਡ

ਉੱਤਰਾਖੰਡ ਦੇ ਕਾਂਗਰਸ ਆਗੂ ਹਰਕ ਸਿੰਘ ਰਾਵਤ ਨੇ ਗੁਰੂ ਘਰ ਪਹੁੰਚ ਕੇ ਅਪਣੀ ਗ਼ਲਤੀ ਮੰਨੀ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ।

Harak Singh Rawat

ਦੇਹਰਾਦੂਨ : ਕਾਂਗਰਸ ਆਗੂ ਹਰਕ ਸਿੰਘ ਰਾਵਤ ਦੇ ਹਾਲੀਆ ਬਿਆਨ ਤੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲਗਣ ’ਤੇ ਹਰਕ ਸਿੰਘ ਰਾਵਤ ਅਤੇ ਉਤਰਾਖੰਡ ਕਾਂਗਰਸ ਨੇ ਤੁਰਤ ਦੁੱਖ ਪ੍ਰਗਟਾਉਂਦਿਆਂ ਮੁਆਫ਼ੀ ਦੀ ਮੰਗ ਕੀਤੀ ਹੈ। ਉੱਤਰਾਖੰਡ ਦੇ ਕਾਂਗਰਸ ਆਗੂ ਹਰਕ ਸਿੰਘ ਰਾਵਤ ਨੇ ਗੁਰੂ ਘਰ ਪਹੁੰਚ ਕੇ ਅਪਣੀ ਗ਼ਲਤੀ ਮੰਨੀ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ।

ਸੋਸ਼ਲ ਮੀਡੀਆ ਉਤੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ, ‘‘ਅਪਣੇ ਮਨ ਦੀ ਗੱਲ ਗੁਰੂ ਨਾਲ ਕੀਤੀ, ਕਿਸੇ ਦਾ ਵੀ ਦਿਲ ਦੁਖਿਆ ਹੋਵੇ ਤਾਂ ਮੁਆਫ਼ ਕਰਨਾ।’’ ਦੂਜੇ ਪਾਸੇ ਉਤਰਾਖੰਡ ਵਿਚ ਵਿਰੋਧੀ ਧਿਰ ਦੇ ਸੀਨੀਅਰ ਆਗੂ ਯਸ਼ਪਾਲ ਆਰਿਆ ਨੇ ਕਾਂਗਰਸ ਵਲੋਂ ਜਾਰੀ ਬਿਆਨ ’ਚ ਕਿਹਾ, ‘‘ਗ਼ਲਤੀਆਂ ਕਰਨਾ ਮਨੁੱਖ ਦਾ ਸੁਭਾਅ ਹੈ, ਉਸ ਨੂੰ ਮਨਜ਼ੂਰ ਕਰਨਾ ਹੀ ਸਾਡਾ ਸਭਿਆਚਾਰ ਹੈ। ਹਰਕ ਸਿੰਘ ਰਾਵਤ ਦੇ ਉਸ ਬਿਆਨ ਨਾਲ ਜੇਕਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲਗੀ ਹੈ ਤਾਂ ਇਸ ਲਈ ਅਸੀਂ ਦਿਲ ਤੋਂ ਮੁਆਫ਼ੀ ਮੰਗਦੇ ਹਾਂ।’’ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਸਿੱਖਾਂ ਨੇ ਸਦਾ ਕਿਰਤ, ਬਹਾਦਰੀ, ਸੇਵਾ, ਸਮਰਪਣ ਅਤੇ ਕੁਰਬਾਨੀ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ।