ਉਤਰਾਖੰਡ ’ਚ ਰਿੱਛ ਸਰਦੀਆਂ ਦੀ ਨੀਂਦ ਲੈਣ ਨਹੀਂ ਗਏ, ਮਨੁੱਖਾਂ ਉਤੇ ਹਮਲੇ ਵਧੇ, ਸੂਬਾ ਸਰਕਾਰ ਚਿੰਤਤ
‘ਹਾਈਬਰਨੇਸ਼ਨ’ ਵਿਚ ਜਾਣ ਤੋਂ ਪਹਿਲਾਂ, ਇਹ ਅਕਸਰ ਅਪਣੇ ਸਰੀਰ ਵਿਚ ਚਰਬੀ ਇਕੱਠੀ ਕਰਨ ਲਈ ਹਮਲਾਵਰ ਵਿਵਹਾਰ ਪ੍ਰਦਰਸ਼ਤ ਕਰਦੇ ਹਨ
ਰਿਸ਼ੀਕੇਸ਼ : ਦਸੰਬਰ ਦਾ ਅੱਧਾ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਤਰਾਖੰਡ ’ਚ ਰਿੱਛ ਅਜੇ ਵੀ ਸਰਦੀਆਂ ਦੀ ਲੰਮੀ ਨੀਂਦ ਲੈਣ ਨਹੀਂ ਗਏ ਹਨ, ਜਿਸ ਨਾਲ ਜੰਗਲੀ ਜੀਵ ਮਾਹਰਾਂ ਅਤੇ ਸੂਬਾ ਸਰਕਾਰ ’ਚ ਚਿੰਤਾ ਵਧ ਗਈ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ’ਚ ਉਨ੍ਹਾਂ ਦੇ ਹਮਲਾਵਰ ਹੋਣ ਅਤੇ ਮਨੁੱਖਾਂ ਉਤੇ ਹਮਲਾ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਜੰਗਲੀ ਜੀਵ ਮਾਹਰਾਂ ਨੇ ਕਿਹਾ ਕਿ ਰਿੱਛ ਅਤੇ ਸੱਪ ਸਰਦੀਆਂ ਦੌਰਾਨ ਨੀਂਦ ’ਚ ਚਲੇ ਜਾਂਦੇ ਹਨ, ਅਤੇ ਇਹ ਉਨ੍ਹਾਂ ਦੀ ਫ਼ਿਤਰਤ ਹੈ।
ਉਨ੍ਹਾਂ ਨੇ ਦਸਿਆ ਕਿ ‘ਹਾਈਬਰਨੇਸ਼ਨ’ ਵਿਚ ਜਾਣ ਤੋਂ ਪਹਿਲਾਂ, ਇਹ ਅਕਸਰ ਅਪਣੇ ਸਰੀਰ ਵਿਚ ਚਰਬੀ ਇਕੱਠੀ ਕਰਨ ਲਈ ਹਮਲਾਵਰ ਵਿਵਹਾਰ ਪ੍ਰਦਰਸ਼ਤ ਕਰਦੇ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਰਿੱਛਾਂ ਦਾ ‘ਹਾਈਬਰਨੇਸ਼ਨ’ ਵਿਚ ਨਾ ਜਾਣ ਅਤੇ ਠੰਡੇ ਮੌਸਮ ਦੌਰਾਨ ਕਿਰਿਆਸ਼ੀਲ ਰਹਿਣ ਦਾ ਅਸਾਧਾਰਣ ਵਿਵਹਾਰ ਇਕ ਰਹੱਸ ਬਣ ਗਿਆ ਹੈ। ਸੂਬੇ ਦੇ ਜੰਗਲਾਤ ਮੰਤਰੀ ਸੁਬੋਧ ਉਨਿਆਲ ਨੇ ਕਿਹਾ ਕਿ ਮੌਸਮ ਵਿਚ ਤਬਦੀਲੀ ਇਕ ਬਹੁਤ ਵਿਆਪਕ ਕਾਰਕ ਹੈ ਜਿਸ ਦਾ ਅਣਕਿਆਸਿਆ ਅਸਰ ਪੈ ਰਿਹਾ ਹੈ। ਉਨਿਆਲ ਨੇ ਕਿਹਾ ਕਿ ਇਸ ਦੇ ਕਾਰਨਾਂ ਨੂੰ ਸਮਝਣ ਲਈ, ਉਤਰਾਖੰਡ ਸਰਕਾਰ ਜੰਗਲੀ ਜੀਵ ਖੋਜ ਸੰਸਥਾਵਾਂ ਰਾਹੀਂ ਵਿਸਥਾਰਪੂਰਵਕ ਅਧਿਐਨ ਕਰੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਰਿੱਛ ਅਪਣੇ ਕੁਦਰਤੀ ਨਿਵਾਸ ਸਥਾਨਾਂ ਵਿਚ ‘ਹਾਈਬਰਨੇਸ਼ਨ’ ਵਿਚ ਕਿਉਂ ਨਹੀਂ ਗਏ।