ਅਮਰੀਕਾ : ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਝੀਲ ਤੋਂ ਮਿਲੀ ਲਾਸ਼, 25 ਫਰਵਰੀ ਨੂੰ ਹੋਈ ਸੀ ਲਾਪਤਾ
ਮਾਈਕ੍ਰੋਸਾਫਟ ਦੇ ਭਾਰਤੀ ਮੁਲਾਜ਼ਮ ਦੀ ਪਤਨੀ ਸੀ ਸੌਜਾਨਿਆ
ਵਾਸ਼ਿੰਗਟਨ : ਅਮਰੀਕਾ 'ਚ ਬੀਤੇ ਦਿਨੀਂ ਲਾਪਤਾ ਹੋਈ ਲੜਕੀ ਦੀ ਲਾਸ਼ ਬਰਾਮਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਲਾਸ਼ ਵਾਸ਼ਿੰਗਟਨ 'ਚ ਸਮਾਮਿਸ਼ ਝੀਲ ਨੇੜੇ ਪਈ ਮਿਲੀ ਹੈ। ਸੌਜਾਨਿਆ ਰਾਮਾਮੂਰਤੀ (30) ਬੀਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਜਿਸ ਤੋਂ ਬਾਅਦ ਪੁਲਿਸ ਉਸ ਦੀ ਭਾਲ ਵਿਚ ਲੱਗੀ ਹੋਈ ਸੀ, ਜਿਸ ਦੇ ਚਲਦੇ ਰਾਮਾਮੂਰਤੀ ਦੀ ਲਾਸ਼ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਵੁਹਾਨ ਦੀ ਲੈਬ 'ਚ ਹੀ ਬਣਿਆ ਸੀ ਕੋਰੋਨਾ ਵਾਇਰਸ, FBI ਮੁਖੀ ਨੇ ਕੀਤੀ ਪੁਸ਼ਟੀ
ਜ਼ਿਕਰਯੋਗ ਹੈ ਕਿ ਮ੍ਰਿਤਕਾ ਸੌਜਾਨਿਆ ਰਾਮਾਮੂਰਤੀ ਮਾਈਕ੍ਰੋਸਾਫਟ ਦੇ ਇਕ ਭਾਰਤੀ ਕਰਮਚਾਰੀ ਮੁਦੰਬੀ ਐੱਸ. ਸ਼੍ਰੀਵਤਸ ਦੀ ਪਤਨੀ ਸੀ। ਪੁਲਿਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਸੌਜਾਨਿਆ 5 ਫੁੱਟ 4 ਇੰਚ ਲੰਬੀ ਅਤੇ ਉਸ ਦੀਆਂ ਕਾਲੀਆਂ ਅੱਖਾਂ ਅਤੇ ਕਾਲੇ ਵਾਲ ਸਨ ਅਤੇ ਜਦੋਂ ਉਹ ਲਾਪਤਾ ਹੋਈ ਤਾਂ ਉਸ ਨੇ ਬਰਗੰਡੀ ਰੰਗ ਦੇ ਕੱਪੜੇ ਪਾਏ ਹੋਏ ਸਨ। ਭਾਰਤ ਤੋਂ ਗ੍ਰੈਜੂਏਸ਼ਨ ਕਰਨ ਮਗਰੋਂ ਸੌਜਾਨਿਆ ਅਮਰੀਕਾ ਚਲੀ ਗਈ ਸੀ। ਦੋਵੇਂ ਪਤੀ-ਪਤਨੀ ਸਥਾਨਕ ਰੈੱਡਮੰਡ ਵਿਖੇ ਰਹਿ ਰਹੇ ਸਨ। ਰਾਮਾਮੂਰਤੀ 25 ਫਰਵਰੀ ਨੂੰ ਲਾਪਤਾ ਹੋਈ ਸੀ ਅਤੇ ਉਸ ਨੂੰ ਆਖਰੀ ਵਾਰ ਸੀਏਟਲ ਤੋਂ 8 ਮੀਲ ਦੂਰ ਰੈੱਡਮੰਡ ਵਿੱਚ ਪਾਰਕ ਮੈਰੀਮੂਰ ਬੈੱਲ ਅਪਾਰਟਮੈਂਟਸ ਦੇ ਨੇੜੇ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਕਰਨਾਟਕ 'ਚ BJP ਵਿਧਾਇਕ ਬਾਸਨਗੌੜਾ ਪਾਟਿਲ ਯਤਨਾਲ ਦਾ ਵਿਵਾਦਿਤ ਬਿਆਨ
ਪ੍ਰਾਪਤ ਵੇਰਵਿਆਂ ਅਨੁਸਾਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਉਸ ਦੀ ਮੌਤ ਕਿਸ ਤਰੀਕੇ ਹੋਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।