ਅਮਰੀਕਾ ਦੇ ਵਰਜੀਨੀਆ 'ਚ ਗੋਲੀਬਾਰੀ ਦੌਰਾਨ 12 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਵਿਚ ਵਰਜ਼ੀਨੀਆ ਸੂਬੇ ਦੇ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦੀ ਇਮਾਰਤ ਵਿਚ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

Shooting at government building in Virginia

ਵਰਜੀਨੀਆ: ਅਮਰੀਕਾ ਦੇ ਵਰਜੀਨੀਆ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ। ਹੁਣ ਅਮਰੀਕਾ ਵਿਚ ਵਰਜ਼ੀਨੀਆ ਸੂਬੇ ਦੇ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦੀ ਇਮਾਰਤ ਵਿਚ ਇਕ ਵਿਅਕਤੀ ਵਲੋਂ ਅੰਨ੍ਹੇਵਾਹ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ 12 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ।

ਵਰਜੀਨੀਆ ਦੇ ਪੁਲਿਸ ਮੁਖੀ ਜਿਮ ਸਰਵੇਰਾ ਨੇ ਇਸ ਗੋਲੀਬਾਰੀ ਵਿਚ 12 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਜ਼ਖਮੀ ਲੋਕਾਂ ਵਿਚ ਇਕ ਪੁਲਿਸ ਕਰਮਚਾਰੀ ਵੀ ਸ਼ਾਮਿਲ ਹੈ। ਇਕ ਮੀਡੀਆ ਰਿਪੋਰਟ ਵਿਚ ਪੁਲਿਸ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਵਰਜੀਨੀਆ ਬੀਚ ਮਿਊਂਸਪਲ ਸੈਂਟਰ ਦੀ ਇਮਾਰਤ ਵਿਚ ਸ਼ੁੱਕਰਵਾਰ ਦੁਪਹਿਰ ਬਾਅਦ ਉਸ ਸਮੇਂ ਵਾਪਰੀ ਜਦੋਂ ਲੋਕ ਇੱਥੇ ਕੰਮਕਾਰ ਲਈ ਆ ਰਹੇ ਸਨ। ਪੁਲਿਸ ਅਨੁਸਾਰ ਗੋਲੀਬਾਰੀ ਕਰਨ ਵਾਲਾ ਦੋਸ਼ੀ ਵੀ ਇੱਥੋਂ ਦਾ ਹੀ ਕਰਮਚਾਰੀ ਸੀ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀਬਾਰੀ ਕਰਨ ਵਾਲੇ ਵਿਅਕਤੀ ਨੂੰ ਮੌਕੇ 'ਤੇ ਹੀ ਮਾਰ ਮੁਕਾਇਆ ਪਰ ਅਜੇ ਤੱਕ ਦੋਸ਼ੀ ਹਮਲਾਵਰ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਗਈ। ਦੱਸ ਦਈਏ ਕਿ ਅਮਰੀਕਾ ਵਿਚ ਪਿਛਲੇ ਸਾਲ ਨਵੰਬਰ ਤੋਂ ਬਾਅਦ ਹੋਣ ਵਾਲੀ ਗੋਲੀਬਾਰੀ ਦੀ ਇਹ ਸਭ ਤੋਂ ਘਾਤਕ ਘਟਨਾ ਹੈ। ਇਸ ਤੋਂ ਪਹਿਲਾਂ ਨਵੰਬਰ ਵਿਚ ਕੈਲੀਫੋਰਨੀਆ ਦੇ ਬਾਰਡਰ ਲਾਈਨ ਬਾਰ ਐਂਡ ਗ੍ਰਿਲ ਵਿਚ ਹੋਈ ਗੋਲੀਬਾਰੀ ਦੀ ਘਟਨਾ ਵਿਚ 12 ਲੋਕਾਂ ਦੀ ਮੌਤ ਹੋ ਗਈ ਸੀ।