ਕਾਬੁਲ : ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਨੂੰ ਜ਼ੋਰਦਾਰ ਧਮਾਕਾ ਹੋਇਆ। ਸਵੇਰੇ ਲਗਭਗ 9 ਵਜੇ ਹੋਏ ਇਸ ਧਮਾਕੇ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 68 ਲੋਕ ਜ਼ਖ਼ਮੀ ਹਨ। ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਦੇ ਅਤਿਵਾਦੀ ਸੰਗਠਨ ਨੇ ਲਈ ਹੈ। ਧਮਾਕਾ ਪੁਲਿਸ ਡਿਸਟ੍ਰਿਕਟ-16 ਨੇੜੇ ਪੁਲ-ਏ-ਮੁਹੰਮਦ ਖ਼ਾਨ ਇਲਾਕੇ 'ਚ ਹੋਇਆ।
ਕਈ ਘੰਟਿਆਂ ਤਕ ਹੋਈ ਗੋਲੀਬਾਰੀ 'ਚ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਗਿਆ। ਧਮਾਕਾ ਉਸ ਸਮੇਂ ਹੋਇਆ, ਜਦੋਂ ਸਵੇਰੇ ਲੋਕ ਆਪਣੇ ਜ਼ਰੂਰੀ ਕੰਮਾਂ ਲਈ ਘਰਾਂ ਤੋਂ ਨਿਕਲੇ ਸਨ ਅਤੇ ਸੜਕਾਂ 'ਤੇ ਕਾਫ਼ੀ ਭੀੜ ਸੀ। ਇਲਾਕੇ ਦੇ ਪੁਲਿਸ ਅਧਿਕਾਰੀ ਮੁਹੰਮਦ ਕਰੀਮ ਵੱਲੋਂ ਦੱਸਿਆ ਗਿਆ ਹੈ ਕਿ ਇਹ ਕਾਰ ਬੰਬ ਧਮਾਕਾ ਸੀ ਅਤੇ ਰੱਖਿਆ ਮੰਤਰਾਲਾ ਦੇ ਬਾਹਰ ਕਾਰ 'ਚ ਧਮਾਕਾ ਹੋਇਆ। ਅਫ਼ਗ਼ਾਨਿਸਤਾਨ ਫ਼ੁਟਬਾਲ ਫ਼ੈਡਰੇਸ਼ਨ ਦੇ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਧਮਾਕੇ 'ਚ ਉਨ੍ਹਾਂ ਦੇ ਕਈ ਸਟਾਫ਼ ਮੈਂਬਰ ਅਤੇ ਖਿਡਾਰੀ ਜ਼ਖ਼ਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੀ ਅਫ਼ਗ਼ਾਨਿਸਤਾਨ 'ਚ ਅਤਿਵਾਦੀ ਹਮਲਾ ਹੋਇਆ ਸੀ। ਇਸ ਹਮਲੇ 'ਚ ਅਫ਼ਗ਼ਾਨ ਸੁਰੱਖਿਆ ਬਲ ਦੇ 26 ਫ਼ੌਜੀ ਮਾਰੇ ਗਏ ਸਨ ਅਤੇ 8 ਜ਼ਖ਼ਮੀ ਹੋਏ ਸਨ। ਇਹ ਹਮਲਾ ਉੱਤਰੀ ਬਾਘਲਾਨ ਸੂਬੇ ਦੇ ਨਾਹਰੀਨ ਜ਼ਿਲ੍ਹੇ 'ਚ ਹੋਇਆ ਸੀ।