'ਜੰਗ' ਬਹਾਨੇ ਚੀਨ ਦੀ ਭੁੱਖਮਰੀ 'ਤੇ ਪਰਦਾ ਪਾਉਣਾ ਚਾਹੁੰਦੇ ਨੇ ਜਿਨਪਿੰਗ, 1962 ਵਰਗੇ ਬਣੇ ਹਾਲਾਤ!

ਏਜੰਸੀ

ਖ਼ਬਰਾਂ, ਕੌਮਾਂਤਰੀ

ਲੋਕਾਂ ਦਾ ਧਿਆਨ ਰਾਸ਼ਟਰਵਾਦ ਅਤੇ ਦੇਸ਼ ਭਗਤੀ ਵੱਲ ਮੋੜਣ ਦੀ ਕੋਸ਼ਿਸ਼ 'ਚ ਹੈ ਚੀਨ

Shee Jinping

ਨਵੀਂ ਦਿੱਲੀ : ਚੀਨ ਭਾਰਤ ਸਮੇਤ ਬਾਕੀ ਗੁਆਢੀਆਂ ਨਾਲ ਆਢਾ ਲਾਈ ਬੈਠਾ ਹੈ। ਦੁਨੀਆਂ ਨੂੰ ਕਰੋਨਾ ਵੰਡਣ ਵਰਗੇ ਇਲਜ਼ਾਮਾਂ ਦਾ ਸਾਹਮਣਾ ਕਰ ਰਿਹਾ ਚੀਨ, ਖੁਦ ਨੂੰ ਅਜਿਹੇ ਇਲਜ਼ਾਮਾਂ ਤੋਂ ਸੁਰਖਰੂ ਕਰਨ ਦੀ ਬਜਾਏ ਹੋਰ ਵਧੇਰੇ ਉਲਝਣਾ ਪੈਦਾ ਕਰਨ ਲਈ ਬਜਿੱਦ ਹੈ। ਇਸ ਪਿਛੇ ਚੀਨ ਦੀਆਂ ਸਮੱਸਿਆਵਾਂ ਹਨ ਜਿਨ੍ਹਾਂ ਵਲੋਂ ਜਨਤਾ ਦਾ ਧਿਆਨ ਭੜਕਾਉਣ ਲਈ ਉਹ ਨਿੱਤ ਨਵੇਂ ਹੱਥਕੰਡੇ ਅਪਨਾ ਰਿਹਾ ਹੈ।

ਪਹਿਲਾਂ ਗਲਵਾਨ ਘਾਟੀ 'ਚ ਭਾਰਤ ਨਾਲ ਭਿੜਣ ਤੋਂ ਬਾਅਦ ਉਸ ਨੇ ਇਕ ਵਾਰ ਫਿਰ ਪੈਂਗੋਂਗ 'ਚ ਭੜਕਾਊ ਹਰਕਤ ਕੀਤੀ ਹੈ। ਪਰ ਹਕੀਕਤ 'ਚ ਚੀਨ ਅੰਦਰ ਭੁਖਮਰੀ ਦੀ ਸਮੱਸਿਆ ਵਿਕਰਾਲ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਚੀਨ ਇਸ ਸਮੇਂ ਦਾਣੇ-ਦਾਣੇ ਨੂੰ ਮੁਹਤਾਜ ਹੈ। ਇਸ ਦੀ ਵੰਨਗੀ ਉਦੋਂ ਦੇਖਣ ਨੂੰ ਮਿਲ ਗਈ ਜਦੋਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਗੱਸਤ ਵਿਚ ਕਲੀਨ ਯੋਰ ਪਲੇਟ ਅਭਿਆਨ ਨੂੰ ਸ਼ੁਰੂ ਕੀਤਾ ਸੀ।

ਖਾਣੇ ਦੀ ਕਮੀ ਨਾਲ ਜੂਝ ਰਿਹਾ ਚੀਨ ਭਾਰਤ ਨਾਲ ਉਲਝ ਕੇ ਰਾਸ਼ਟਰਵਾਦ ਸਹਾਰੇ ਲੋਕਾਂ ਦਾ ਧਿਆਨ ਭੜਕਾਉਣ ਦੀ ਕੋਸ਼ਿਸ਼ 'ਚ ਹੈ। ਇੰਨਾ ਹੀ ਨਹੀਂ,  ਸਾਊਥ ਚਾਇਨਾ ਸੀ ਵਿਚ ਵੀ ਚੀਨ ਨੇ ਅਪ੍ਰੈਲ ਤੋਂ ਲੈ ਕੇ ਅਗਸਤ ਤਕ ਘੱਟੋਂ ਘੱਟ 5 ਵਾਰ ਲਾਇਵ ਫਾਇਰ ਡਰਿੱਲ ਕੀਤੀ ਹੈ। ਚੀਨ ਦੀ ਕੰਮਿਊਨਿਸਟ ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਕਿ ਜਨਤਾ ਦਾ ਧਿਆਨ ਗ਼ਰੀਬੀ ਅਤੇ ਭੁਖਮਰੀ ਤੋਂ ਹਟਾ ਕੇ ਦੇਸ਼ ਭਗਤੀ ਅਤੇ ਰਾਸ਼ਟਰਵਾਦ ਵੱਲ ਕੇਂਦਰਿਤ ਕੀਤਾ ਜਾਵੇ।

1962 ਨਾਲ ਮੇਲ ਖਾਂਦੇ ਨੇ ਚੀਨ ਅੰਦਰਲੇ ਮੌਜੂਦਾ ਹਾਲਾਤ : ਇਹ ਪਹਿਲੀ ਵਾਰ ਨਹੀਂ ਹੈ ਕਿ ਭੁਖਮਰੀ ਤੋਂ ਧਿਆਨ ਹਟਾਉਣ ਲਈ ਚੀਨ ਨੇ ਭਾਰਤ ਨੇ ਸਰਹੱਦੀ ਵਿਵਾਦ ਨੂੰ ਹਵਾਂ ਦਿਤੀ ਹੋਵੇ। 1962 ਵਿਚ ਵੀ ਜਦੋਂ ਚੀਨ ਵਿਚ ਭਿਆਨਕ ਕਾਲ ਪਿਆ ਸੀ ਤਦ ਵੀ ਚੀਨ ਦੇ ਸਰਵਉੱਚ ਆਗੂ ਮਾਓਤਸੇ ਤੁੰਗ ਨੇ ਭਾਰਤ ਨਾਲ ਬਿਨਾਂ ਭੜਕਾਹਟ ਦੇ ਲੜਾਈ ਛੇੜ ਦਿਤੀ ਸੀ। ਉਸ ਸਮੇਂ ਚੀਨ ਵਿਚ ਹਜ਼ਾਰਾਂ ਲੋਕਾਂ ਦੀ ਭੁੱਖ ਨਾਲ ਮੌਤ ਹੋ ਗਈ ਸੀ। ਇਸਨੂੰ ਲੈ ਕੇ ਉਸ ਸਮੇਂ ਦੇ ਚੀਨੀ ਸ਼ਾਸਨ ਖਿਲਾਫ਼ ਗਰੇਟ ਲਿੱਪ ਫਾਰਵਰਡ ਮੂਵਮੈਂਟ ਵੀ ਚਲੀ ਸੀ। ਠੀਕ ਉਹੋ ਕੁੱਝ ਹੀ ਇਸ ਸਮੇਂ ਚੀਨ ਦੀ ਸੱਤਾਧਾਰੀ ਧਿਰ ਅਤੇ ਚੀਨੀ ਪੀਪੁਲਸ ਲਿਬਰੇਸ਼ਨ ਆਰਮੀ ਕਰ ਰਹੀ ਹੈ।

ਜੰਗ ਜਿਹੇ ਹਾਲਾਤ ਬਣਾ ਕੇ ਭੁੱਖਮਰੀ ਨੂੰ ਲੁਕਾਉਣ 'ਚ ਜੁਟੇ ਜਿਨਪਿੰਗ : ਕੋਰੋਨਾ ਵਾਇਰਸ ਕਾਰਨ ਚੀਨ ਵਿਚ ਖਾਣ-ਪੀਣ ਦੀਆਂ ਵਸਤਾਂ ਦਾ ਭਾਰੀ ਸੰਕਟ ਖੜ੍ਹਾ ਹੋ ਗਿਆ ਹੈ। ਗਲੋਬਲ ਟਾਈਮਸ ਮੁਤਾਬਕ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖਾਧ ਪਦਾਰਥਾਂ ਦੀ ਸੁਰੱਖਿਆ ਲਈ 2013  ਦੇ ਕਲੀਨ ਯੋਰ ਪਲੇਟ ਮੁਹਿੰਮ ਨੂੰ ਫਿਰ ਤੋਂ ਸ਼ੁਰੂ ਕਰ ਦਿਤਾ ਹੈ। ਪੱਛਮੀ ਮੀਡੀਆ ਮੁਤਾਬਕ ਚੀਨੀ ਪ੍ਰਸ਼ਾਸਨ ਇਸ ਯੋਜਨਾ ਦੀ ਆੜ ਵਿਚ ਦੇਸ਼ ਵਿਚ ਪੈਦਾ ਹੋਏ ਖਾਧ ਪਦਾਰਥਾਂ ਦੇ ਸੰਕਟ ਨੂੰ ਛੁਪਾ ਰਿਹਾ ਹੈ।

ਦੱਸਣਯੋਗ ਹੈ ਕਿ ਚੀਨ ਇਸ ਸਮੇਂ ਚੌਤਰਫ਼ਾ ਸਮੱਸਿਆਵਾਂ ਨਾਲ ਘਿਰਿਆ ਹੋਇਆ ਹੈ। ਚੀਨ ਇਸ ਸਮੇਂ ਦਹਾਕੇ ਦੇ ਸਭ ਤੋਂ ਵੱਡੇ ਟਿੱਡੀ ਦਲ ਦੇ ਹਮਲੇ ਨਾਲ ਜੂਝ ਰਿਹਾ ਹੈ। ਦੇਸ਼ ਦੇ ਦੱਖਣੀ ਭਾਗ ਅੰਦਰ ਖੜ੍ਹੀਆਂ ਫ਼ਸਲਾਂ ਇਸ ਦੀ ਭੇਂਟ ਚੜ੍ਹ ਚੁੱਕੀਆਂ ਹਨ। ਇਸ 'ਤੇ ਕਾਬੂ ਪਾਉਣ ਲਈ ਚੀਨੀ ਫ਼ੌਜ ਨੂੰ ਉਤਾਰਨਾ ਪਿਆ ਹੈ। ਦੂਜੇ ਪਾਸੇ ਕੁਦਰਤ ਦੀ ਕਰੋਪੀ ਵੀ ਚੀਨ ਨੂੰ ਪ੍ਰੇਸ਼ਾਨ ਕਰ ਰਹੀ ਹੈ। ਭਿਆਨਕ ਹੜ੍ਹਾਂ ਕਾਰਨ ਵੀ ਚੀਨ ਦੀਆਂ ਹਜ਼ਾਰਾਂ ਏਕੜ ਫ਼ਸਲਾਂ ਬਰਬਾਦ  ਹੋ ਚੁੱਕੀਆਂ ਹਨ। ਚੀਨ ਦੇ ਜ਼ਿਆਦਾ ਉਪਜਾਊ ਖੇਤਰ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ, ਜਿਸ ਦਾ ਸਿੱਧਾ ਅਸਰ ਖਾਧ ਪਦਾਰਥਾਂ ਦੀ ਕਮੀ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ।