ਇੰਡੋਨੇਸ਼ੀਆ ਆਫਤ : ਹਜ਼ਾਰ ਤੋਂ ਵੱਧ ਲਾਸ਼ਾਂ ਦਫਨਾਉਣ ਲਈ ਪੁੱਟੀ ਸਮੂਹਿਕ ਕਬਰ, ਕੌਮਾਂਤਰੀ ਸਹਿਯੋਗ ਦੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭੂਚਾਲ ਅਤੇ ਸੁਨਾਮੀ ਤੋਂ ਤਬਾਹ ਹੋਏ ਸੁਲਾਵੇਸੀ ਵਿਚ ਇੱਕ ਹਜ਼ਾਰ ਤੋਂ ਵੱਧ ਲਾਸ਼ਾਂ ਦੇ ਲਈ ਸਮੂਹਿਕ ਕਬਰ ਪੁੱਟੀ

After Earthquake

ਇੰਡੋਨੇਸ਼ੀਆ : ਭੂਚਾਲ ਅਤੇ ਸੁਨਾਮੀ ਤੋਂ ਤਬਾਹ ਹੋਏ ਸੁਲਾਵੇਸੀ ਵਿਚ ਸਵੈ-ਸੇਵੀਆਂ ਵੱਲੋਂ ਇੱਕ ਹਜ਼ਾਰ ਤੋਂ ਵੱਧ ਲਾਸ਼ਾਂ ਦੇ ਲਈ ਸਮੂਹਿਕ ਕਬਰ ਪੁੱਟੀ ਗਈ। ਆਪਦਾ ਕਾਰਨ ਮਚੀ ਤਬਾਹੀ ਨਾਲ ਨਜਿੱਠ ਰਹੇ ਅਧਿਕਾਰੀਆਂ ਨੇ ਅੰਤਰਰਾਸ਼ਟਰੀ ਸਹਿਯੋਗ ਦੀ ਮੰਗ ਕੀਤੀ ਹੈ। ਆਫਤ ਦੇ ਚਾਰ ਦਿਨ ਬਾਅਦ ਤੱਕ ਵੀ ਦੂਰਦਰਾਜ ਦੇ ਕਈ ਇਲਾਕਿਆਂ ਵਿਚ ਸਪੰਰਕ ਨਹੀਂ ਹੋ ਪਾਇਆ ਹੈ। ਦਵਾਈਆਂ ਖਤਮ ਹੋ ਰਹੀਆਂ ਹਨ ਤੇ ਰੱਖਿਆਕਰਮੀ ਖਤਮ ਹੋ ਚੁੱਕੀਆਂ ਇਮਾਰਤਾਂ ਦੇ ਮਲਬੇ ਵਿਚ ਦੱਬੇ ਹੋਏ ਪੀੜਤਾਂ ਨੂੰ ਕੱਢਣ ਲਈ ਲੋੜੀਂਦੇ ਔਜ਼ਾਰਾਂ ਦੀ ਕਮੀ ਨਾਲ ਜੂਝ ਰਹੇ ਹਨ।

ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕਈ ਦਰਜ਼ਨ ਅੰਤਰਰਾਸ਼ਟਰੀ ਮਦਦ ਏਜੰਸੀਆਂ ਅਤੇ ਗੈਰ ਸਰਕਾਰੀ ਸਗੰਠਨਾ ਲਈ ਦਰਵਾਜੇ ਖੋਲ ਦਿਤੇ ਹਨ। ਇਹ ਸੰਸਥਾਵਾਂ ਜੀਵਨ ਰੱਖਿਅਕ ਮਦਦ ਲਈ ਪਹਿਲਾਂ ਤੋਂ ਤਿਆਰ ਸਨ। ਸੀਨੀਅਰ ਸਰਕਾਰੀ ਅਧਿਕਾਰੀ ਟਾਮ ਲੇਮਬੋਂਗ ਨੇ ਰੱਖਿਆਕਰਮੀਆਂ ਨੂੰ ਕਿਹਾ ਹੈ ਕਿ ਉਹ ਉਨਾਂ ਨਾਲ ਸਿਧੇ ਤੌਰ ਤੇ ਸਪੰਰਕ ਕਰਨ। ਰਾਸ਼ਟਰਪਤੀ ਜੋਕੋਵੀ ਨੇ ਅੰਤਰਰਾਸ਼ਟਰੀ ਮਦਦ ਸਵੀਕਾਰੇ ਜਾਣ ਲਈ ਉਨਾਂ ਨੂੰ ਮਾਨਤਾ ਦਿਤੀ ਹੈ ਤਾਂਕਿ ਆਪਦਾ ਪ੍ਰਤਿਕਿਰਿਆ ਅਤੇ ਰਾਹਤ ਤੁਰਤ ਪ੍ਰਾਪਤ ਹੋ ਸਕੇ।

ਅਧਿਕਾਰੀਆਂ ਨੂੰ ਖ਼ਤਰਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪਾਲੂ ਦੇ ਪਹਾੜੀ ਇਲਾਕੇ ਪੋਬੀਆ ਵਿਚ ਸਵੈ-ਸੇਵੀਆਂ ਨੇ ਮ੍ਰਿਤਕਾਂ ਨੂੰ ਦਫਨਾਉਣ ਲਈ 100 ਮੀਟਰ ਲੰਬੀ ਕਬਰ ਪੁੱਟੀ ਹੈ। ਉਨਾਂ ਨੂੰ 1300 ਪੀੜਤਾਂ ਨੂੰ ਦਫਨਾਉਣ ਦੀ ਤਿਆਰੀ ਕਰਨ ਦੇ ਨਿਰਦੇਸ਼ ਦਿਤੇ ਗਏ ਹਨ। ਕੁਦਰਤੀ ਆਪਦਾ ਤੋਂ ਬਾਅਦ ਖਰਾਬ ਹੋ ਰਹੀਆਂ ਲਾਸ਼ਾਂ ਕਾਰਨ ਬੀਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਅਧਿਕਾਰੀ ਸੰਘਰਸ਼ ਕਰ ਰਹੇ ਹਨ। ਇਸਦੇ ਨਾਲ ਹੀ ਇਥੇ 14 ਦਿਨਾਂ ਦਾ ਸੰਕਟਕਾਲ ਵੀ ਘੋਸ਼ਿਤ ਕੀਤਾ ਗਿਆ ਹੈ।

ਪਾਲੂ ਵਿਚ ਲੋਕਾਂ ਦਾ ਕਹਿਣਾ ਹੈ ਕਿ ਇਥੇ ਕੋਈ ਮਦਦ ਨਹੀਂ ਹੈ, ਅਸੀਂ ਭੁੱਖੇ ਹਾਂ। ਸਾਡੇ ਕੋਲ ਦੁਕਾਨਾਂ ਲੁਟੱਣ ਤੋਂ ਇਲਾਵਾ ਕੋਈ ਹੋਰ ਬਦਲ ਨਹੀਂ ਹੈ। ਕਿਉਂਕਿ ਸਾਨੂੰ ਭੋਜਨ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਅਨੁਸਾਰ ਖੇਤਰ ਵਿਚ ਘੱਟ ਤੋਂ ਘੱਟ ਤਿੰਨ ਜੇਲਾਂ ਤੋਂ ਲਗਭਗ 1200 ਕੈਦੀ ਭੱਜ ਨਿਕਲੇ ਹਨ। ਆਪਦਾ ਪ੍ਰਬੰਧਨ ਏਜੰਸੀ ਨੇ ਦਸਿਆ ਕਿ ਸੁਨਾਮੀ ਚਿਤਾਵਨੀ ਪ੍ਰਣਾਲੀ ਜੇਕਰ ਕੰਮ ਕਰਦੀ ਤਾਂ ਜਿਆਦਾ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ ਪਰ ਪੈਸੇ ਦੀ ਘਾਟ ਕਾਰਨ ਛੇ ਸਾਲ ਤੋਂ ਇਹ ਕੰਮ ਨਹੀਂ ਕਰ ਰਹੀ।