ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗੀਆਂ, ਦੇਸ਼ ਭਰ ’ਚ ਵੱਜਣ ਲੱਗੇ ਸਾਇਰਨ
ਅਮਰੀਕਾ ਨੇ ਈਰਾਨ ਨੂੰ ‘ਗੰਭੀਰ ਨਤੀਜੇ’ ਭੁਗਤਣ ਦੀ ਦਿਤੀ ਸੀ ਚੇਤਾਵਨੀ
ਯੇਰੁਸ਼ਲਮ : ਇਜ਼ਰਾਈਲੀ ਫ਼ੌਜ ਨੇ ਕਿਹਾ ਹੈ ਕਿ ਈਰਾਨ ਨੇ ਇਜ਼ਰਾਈਲ ’ਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ ਹੈ ਅਤੇ ਦੇਸ਼ ਭਰ ’ਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵੱਜ ਰਹੇ ਹਨ। ਇਜ਼ਰਾਈਲ ਵਾਸੀਆਂ ਨੂੰ ਅਜਿਹੀਆਂ ਥਾਵਾਂ ’ਤੇ ਸ਼ਰਨ ਲੈਣ ਲਈ ਕਿਹਾ ਗਿਆ ਹੈ ਜੋ ਬੰਬ ਹਮਲਿਆਂ ਤੋਂ ਬਚਾਅ ਵਾਲੀਆਂ ਆਸਰਾ ਲੈਣ ਦੀਆਂ ਥਾਵਾਂ ਦੇ ਨੇੜੇ ਹੋਣ। ਇਜ਼ਰਾਈਲ ਨੇ ਚੇਤਾਵਨੀ ਦਿਤੀ ਹੈ ਕਿ ਜੇਕਰ ਈਰਾਨ ਹਮਲੇ ਕਰਦਾ ਹੈ ਤਾਂ ਇਸ ਦੇ ਬੁਰੇ ਨਤੀਜੇ ਹੋਣਗੇ। ਜਾਣਕਾਰੀ ਅਨੁਸਾਰ ਈਰਾਨ ਨੇ 100 ਦੇ ਲਗਭਗ ਮਿਜ਼ਾਈਲਾਂ ਦਾਗੀਆਂ। ਇਸ ਦੌਰਾਨ ਤੇਲ ਅਵੀਵ ਅਤੇ ਯੇਰੁਸ਼ਲਮ ਵਿਖੇ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਈਰਾਨ ਨੇ ਦਾਅਵਾ ਕੀਤਾ ਕਿ ਉਸ ਨੇ ਦਰਜਨਾਂ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ। ਈਰਾਨ ਨੇ ਕਿਹਾ ਹੈ ਕਿ ਉਸ ਨੇ ਹਿਜ਼ਬੁੱਲਾ ਆਗੂ ਅਤੇ ਹਮਾਸ ਦੇ ਅਧਿਕਾਰੀ ਦੇ ਕਤਲ ਦਾ ਬਦਲਾ ਲੈਣ ਲਈ ਇਜ਼ਰਾਈਲ ’ਤੇ ਦਰਜਲਾਂ ਮਿਜ਼ਾਈਲਾਂ ਦਾਗੀਆਂ ਹਨ। ਬਿਆਨ ’ਚ ਚੇਤਾਵਨੀ ਵੀ ਦਿਤੀ ਗਈ ਹੈ ਕਿ ਜੇਕਰ ਇਜ਼ਰਾਈਲ ਇਸ ਮੁਹਿੰਮ ਦਾ ਫ਼ੌਜੀ ਤਰੀਕੇ ਨਾਲ ਜਵਾਬ ਦਿੰਦਾ ਹੈ ਤਾਂ ਉਸ ਨੂੰ ਹੋਰ ਵੀ ਸਖ਼ਤ ਜਵਾਬ ਦਾ ਸਾਹਮਣਾ ਕਰਨਾ ਪਵੇਗਾ।
ਇਸ ਤੋਂ ਪਹਿਲਾਂ ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਈਰਾਨ ਛੇਤੀ ਹੀ ਇਜ਼ਰਾਈਲ ’ਤੇ ਬੈਲਿਸਟਿਕ ਮਿਜ਼ਾਈਲ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ। ਅਮਰੀਕਾ ਨੇ ਈਰਾਨ ਨੂੰ ਚੇਤਾਵਨੀ ਦਿਤੀ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਇਸ ਦੇ ‘ਗੰਭੀਰ ਨਤੀਜੇ’ ਹੋਣਗੇ। ਅਧਿਕਾਰੀ ਨੇ ਕਿਹਾ ਕਿ ਅਮਰੀਕਾ, ਇਜ਼ਰਾਈਲ ਦੀ ਰੱਖਿਆਤਮਕ ਤਿਆਰੀਆਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹੈ। ਇਹ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ ਜਦੋਂ ਇਜ਼ਰਾਈਲੀ ਫ਼ੌਜ ਨੇ ਮੰਗਲਵਾਰ ਨੂੰ ਲੋਕਾਂ ਨੂੰ ਲੇਬਨਾਨ ਦੀ ਸਰਹੱਦ ਨਾਲ ਲੱਗੀਆਂ ਲਗਭਗ ਦੋ ਦਰਜਨ ਬਸਤੀਆਂ ਖ਼ਾਲੀ ਕਰਨ ਨੂੰ ਕਿਹਾ ਹੈ।