ਜਾ ਕੋ ਰਾਖੇ ਸਾਈਆਂ...: ਮਲਬੇ 'ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ
ਜ਼ਬਰਦਸਤ ਭੂਚਾਲ ਬਾਅਦ ਇਮਾਰਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਇਜਮਿਰ (ਤੁਰਕੀ) : ਤੁਰਕੀ ਅਤੇ ਯੂਨਾਨ ਵਿਚ ਆਏ ਜ਼ਬਰਦਸਤ ਭੂਚਾਲ ਨਾਲ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਕਰੀਬ 34 ਘੰਟੇ ਬਾਅਦ ਐਤਵਾਰ ਨੂੰ ਪਛਮੀ ਤੁਰਕੀ ਦੀ ਇਕ ਇਮਾਰਤ ਦੇ ਮਲਬੇ ਹੇਠ ਦੱਬੇ 70 ਸਾਲਾ ਵਿਅਕਤੀ ਨੂੰ ਬਚਾਅ ਕਰਮੀਆਂ ਨੇ ਬਾਹਰ ਕੱਢਿਆ।
ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ। ਭੂਚਾਲ ਨਾਲ ਹੋਈ ਤਬਾਹੀ ਵਿਚ 46 ਲੋਕਾਂ ਦੀ ਜਾਨ ਗਈ ਹੈ ਜਦਕਿ 900 ਤੋਂ ਵਧੇਰੇ ਜ਼ਖ਼ਮੀ ਹੋਏ ਹਨ।
ਤੁਰਕੀ ਦੇ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਇਜਮਿਰ ਸ਼ਹਿਰ ਵਿਚ ਮਲਬੇ ਵਿਚੋਂ ਹੋਰ ਲਾਸ਼ਾਂ ਕੱਢੇ ਜਾਣ ਦੇ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 44 ਪਹੁੰਚ ਗਈ ਹੈ ਜੋਕਿ ਇਸ ਦੇਸ਼ ਦਾ ਤੀਜਾ ਸੱਭ ਤੋਂ ਵੱਡਾ ਸ਼ਹਿਰ ਹੈ। ਸ਼ੁਕਰਵਾਰ ਨੂੰ ਆਏ ਭੂਚਾਲ ਨਾਲ ਯੂਨਾਨ ਵਿਚ ਦੋ ਨੌਜਵਾਨਾਂ ਦੀ ਮੌਤ ਹੋਈ ਹੈ।
ਬਚਾਅ ਦਲ ਨੇ ਐਤਵਾਰ ਅੱਧੀ ਰਾਤ ਨੂੰ ਇਕ ਇਮਾਰਤ ਦੇ ਮਲਬੇ ਹੇਠ ਦੱਬੇ 70 ਸਾਲਾ ਅਹਿਮਤ ਸਿਤਿਮ ਨੂੰ ਜ਼ਿੰਦਾ ਬਾਹਰ ਕੱਢਣ ਵਿਚ ਸਫਲਤਾ ਹਾਸਲ ਕੀਤੀ। ਸਿਹਤ ਮੰਤਰੀ ਫਹਰੇਤਿਨ ਕੋਕਾ ਨੇ ਟਵੀਟ ਕੀਤਾ ਕਿ ਬਜ਼ੁਰਗ ਵਿਅਕਤੀ ਨੇ ਬਾਹਰ ਆ ਕੇ ਰਿਹਾ,''ਮੈਂ ਕਦੇ ਵੀ ਆਸ ਨਹੀਂ ਛੱਡੀ ਸੀ।''