ਮਹਾਨ ਫੁਟਬਾਲਰ ਪੇਲੇ ਨੂੰ ਹਸਪਤਾਲ ਕਰਵਾਇਆ ਗਿਆ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸਤੰਬਰ 2021 'ਚ ਟਿਊਮਰ ਕਰਕੇ ਕਰਵਾਈ ਸੀ ਸਰਜਰੀ

Image

 

ਬ੍ਰਾਜ਼ੀਲ ਦੇ ਮਹਾਨ ਫੁਟਬਾਲ ਖਿਡਾਰੀ ਪੇਲੇ ਨੂੰ ਸਿਹਤ ਖ਼ਰਾਬ ਹੋਣ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ 82 ਸਾਲਾ ਪੇਲੇ 'ਟਿਊਮਰ' ਦੀ ਸਮੱਸਿਆ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਫ਼ਿਲਹਾਲ ਉਨ੍ਹਾਂ ਦੀ ਹਾਲਤ ਗੰਭੀਰ ਨਹੀਂ ਹੈ। 

ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਪੇਲੇ ਦੀ ਬੇਟੀ ਕੇਲੀ ਨੈਸੀਮੇਂਟੋ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਨੂੰ ਲੈ ਕੇ ਕੋਈ ਐਮਰਜੈਂਸੀ ਨਹੀਂ ਹੈ। ਜ਼ਿਕਰਯੋਗ ਹੈ ਕਿ ਸਤੰਬਰ 2021 ਵਿੱਚ ਪੇਲੇ ਦੇ ‘ਕੋਲੋਨ ਟਿਊਮਰ’ ਦਾ ਇਲਾਜ ਕੀਤਾ ਗਿਆ ਸੀ।

ਇਨਸਟਾਗ੍ਰਾਮ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰੀਕਾ 'ਚ ਰਹਿਣ ਵਾਲੀ ਉਨ੍ਹਾਂ ਦੀ ਬੇਟੀ ਨੇ ਲਿਖਿਆ, "ਅੱਜ ਮੀਡੀਆ 'ਚ ਮੇਰੇ ਪਿਤਾ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਾ ਪ੍ਰਗਟਾਈ ਗਈ। ਇਸ ਪਿਆਰ ਦੀ ਅਸੀਂ ਸੱਚਮੁੱਚ ਕਦਰ ਕਰਦੇ ਹਾਂ।"

ਈਐਸਪੀਐਨ ਬ੍ਰਾਜ਼ੀਲ ਨੇ ਪਹਿਲਾਂ ਦੱਸਿਆ ਸੀ ਕਿ ਤਿੰਨ ਵਾਰ ਦੇ ਵਿਸ਼ਵ ਕੱਪ ਚੈਂਪੀਅਨ ਪੇਲੇ ਨੂੰ 'ਆਮ ਸੋਜ' ਕਾਰਨ ਅਲਬਰਟ ਆਈਨਸਟਾਈਨ ਹਸਪਤਾਲ ਲਿਜਾਇਆ ਗਿਆ।

ਹਸਪਤਾਲ ਆਉਣ ਤੋਂ ਬਾਅਦ ਪੇਲੇ ਦਾ ਦਿਮਾਗ ਵੀ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ, ਅਤੇ ਉਹ ਇਕ ਜਗ੍ਹਾ ਸਥਿਰ ਨਹੀਂ ਰਹਿ ਪਾ ਰਹੇ ਸੀ। ਪੇਲੇ ਅਤੇ ਅਲਬਰਟ ਆਈਨਸਟਾਈਨ ਹਸਪਤਾਲ ਦੇ ਬੁਲਾਰੇ ਨੇ 'ਦ ਐਸੋਸੀਏਟਡ ਪ੍ਰੈਸ' ਤੋਂ ਟਿੱਪਣੀ ਲਈ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਪੇਲੇ ਨੂੰ ਪਿਛਲੇ ਸਾਲ ਵੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ

ਪੇਲੇ ਨੂੰ ਸਤੰਬਰ 2021 ਵਿੱਚ ਵੀ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੋਂ ਸਰਜਰੀ ਰਾਹੀਂ ਉਨ੍ਹਾਂ ਦੇ ਸਰੀਰ ਵਿੱਚੋਂ ਟਿਊਮਰ ਕੱਢਿਆ ਗਿਆ ਸੀ। ਹਸਪਤਾਲ ਨੇ ਕਿਹਾ ਸੀ ਕਿ ਟਿਊਮਰ ਕੱਢਣ ਤੋਂ ਬਾਅਦ ਵੀ ਉਹ 'ਕੀਮੋਥੈਰੇਪੀ' ਸ਼ੁਰੂ ਕਰਨਗੇ। 

ਪੇਲੇ ਸੰਸਾਰ ਦੇ ਮਹਾਨ ਫੁਟਬਾਲਰਾਂ 'ਚ ਗਿਣੇ ਜਾਂਦੇ ਹਨ, ਜਿਨ੍ਹਾਂ ਨੇ 1958, 1962 ਅਤੇ 1970 ਵਿੱਚ ਬ੍ਰਾਜ਼ੀਲ ਨੂੰ ਵਿਸ਼ਵ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਰਾਸ਼ਟਰੀ ਟੀਮ ਲਈ 92 ਮੈਚਾਂ 'ਚ 77 ਗੋਲ ਕੀਤੇ ਹਨ। ਉਹ ਬ੍ਰਾਜ਼ੀਲ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ।