ਕੈਲੀਫੋਰਨੀਆਂ ਰੋਜ਼ ਪਰੇਡ 'ਚ ਦਿਸੇਗੀ ਸਿੱਖ ਕੀਰਤਨ ਪਰੰਪਰਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ਾਂ ਵਿਚ ਸਿੱਖਾਂ ਦੀ ਚੜ੍ਹਤ ਬਰਕਰਾਰ ਹੈ। ਦੱਖਣੀ ਕੈਲੀਫੋਰਨੀਆ ਦੇ ਅਮਰੀਕੀ ਸਿੱਖ ਸਮਾਜ ਦੀ ਝਾਕੀ ਨੂੰ 5 ਜਨਵਰੀ 2019 ਨੂੰ ਲਗਾਤਾਰ...

ਕੈਲੀਫ਼ੋਰਨੀਆ

ਕੈਲੀਫੋਰਨੀਆ (ਸ.ਸ.ਸ) : ਵਿਦੇਸ਼ਾਂ ਵਿਚ ਸਿੱਖਾਂ ਦੀ ਚੜ੍ਹਤ ਬਰਕਰਾਰ ਹੈ। ਦੱਖਣੀ ਕੈਲੀਫੋਰਨੀਆ ਦੇ ਅਮਰੀਕੀ ਸਿੱਖ ਸਮਾਜ ਦੀ ਝਾਕੀ ਨੂੰ 5 ਜਨਵਰੀ 2019 ਨੂੰ ਲਗਾਤਾਰ ਪੰਜਵੀਂ ਵਾਰ ਦੇਸ਼ ਦੀ ਮਸ਼ਹੂਰ ਰੋਜ਼ ਪਰੇਡ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਵਾਰ ਰੋਜ਼ ਪਰੇਡ ਦਾ ਵਿਸ਼ਾ ''ਮੈਲੋਡੀ ਆਫ਼ ਲਾਈਫ਼'' ਹੈ। ਸਿੱਖ ਸਮਾਜ ਵਲੋਂ ਪੇਸ਼ ਕੀਤੀ ਜਾਣ ਵਾਲੀ ਝਾਕੀ ਵਿਚ ਕੀਰਤਨ 'ਤੇ ਚਾਨਣਾ ਪਾਇਆ ਜਾਵੇਗਾ ਅਤੇ ਇਸ ਝਾਕੀ ਨੂੰ ਕਮਲ, ਗੇਂਦਾ, ਚਮੇਲੀ, ਡਾਲੀਆ ਦੇ 1 ਲੱਖ 19 ਹਜ਼ਾਰ ਵੱਖ-ਵੱਖ ਸੁਗੰਧਾਂ ਵਾਲੇ ਫੁੱਲਾਂ ਨਾਲ ਸਜਾਇਆ ਜਾਵੇਗਾ। ਲਗਾਤਾਰ ਪੰਜਵੀਂ ਵਾਰ ਇਸ ਝਾਕੀ ਦੀ ਅਗਵਾਈ ਸਿੱਖ ਕਮੇਟੀ ਦੇ ਮੈਂਬਰ ਭਜਨੀਤ ਸਿੰਘ ਕਰਨਗੇ।

500 ਦੇ ਕਰੀਬ ਸਿੱਖ ਵਾਲੰਟੀਆਂ ਨੇ ਕੈਲੀਫੋਰਨੀਆਂ ਦੇ ਇਰਵਿੰਡੇਲ ਵਿਚ ਫਿਨਿਕਸ ਡੈਕੋਰੇਟਿੰਗ ਕੰਪਨੀ ਵਿਚ ਰੋਜ਼ ਫਲੋਟ ਲਈ ਝਾਕੀ ਦੇ ਨਿਰਮਾਣ ਵਿਚ ਮਦਦ ਕੀਤੀ। ਇਸ ਦੌਰਾਨ ਝਾਕੀ ਵਿਚ ਬਾਬਾ ਨਾਨਕ ਦੇ ਸਮੇਂ ਕੀਰਤਨ ਲਈ ਵਰਤੇ ਜਾਂਦੇ ਤੰਤੀ ਸਾਜ਼ 'ਰਬਾਬ' ਨੂੰ ਬਹੁਤ ਹੀ ਕਲਾਤਮਕ ਤਰੀਕੇ ਨਾਲ ਦਰਸਾਇਆ ਗਿਆ ਹੈ, ਜਿਸ ਦੇ ਹੇਠਾਂ ਬਹੁਤ ਹੀ ਖ਼ੂਬਸੂਰਤ ਮਖ਼ਮਲੀ ਕੱਪੜਾ ਵਿਛਾਇਆ ਗਿਆ ਹੈ। ਇਸ ਤੋਂ ਇਲਾਵਾ ਲੱਕੜ ਦੀਆਂ ਖੜਾਵਾਂ ਨੂੰ ਵੀ ਇਸ ਝਾਕੀ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਸੁੰਦਰ ਝਾਕੀ ਦੇ ਪਿਛਲੇ ਪਾਸੇ ਦੋ ਵੱਡੇ-ਵੱਡੇ ਮੋਰ ਵੀ ਬਣਾਏ ਗਏ ਹਨ। 

ਇਸ ਵਾਰ ਦੇ ਵਿਸ਼ੇ ਮੁਤਾਬਕ ਝਾਕੀ ਵਿਚ ਕੀਰਤਨ ਨੂੰ ਦਰਸਾਇਆ ਜਾਵੇਗਾ ਕਿਉਂਕਿ ਕੀਰਤਨ ਸਿੱਖ ਭਗਤੀ ਸੰਗੀਤ ਨੂੰ ਗਾਉਣ ਦੀ ਪਰੰਪਰਾ ਹੈ ਜੋ ਪੰਜਾਬ ਵਿਚ ਸਿੱਖ ਧਰਮ ਦੇ ਗਠਨ ਤੋਂ 500 ਸਾਲ ਪਹਿਲਾਂ ਦੀ ਹੈ। ਅੱਜ ਵੀ ਇਸ ਸੰਗੀਤ ਦਾ ਸਿੱਖ ਧਰਮ ਵਿਚ ਮੁਢਲਾ ਸਥਾਨ ਹੈ, ਜਿਸ ਨੂੰ ਵਿਸ਼ਵ ਭਰ ਦੇ ਗੁਰਦੁਆਰਾ ਸਾਹਿਬਾਨ ਵਿਚ ਸੁਣਿਆ ਜਾ ਸਕਦਾ ਹੈ। ਦਸ ਦਈਏ ਕਿ ਅਮਰੀਕਾ ਵਿਚ ਹੋਣ ਵਾਲਾ ਰੋਜ਼ ਫੈਸਟੀਵਲ 130 ਸਾਲ ਪੁਰਾਣੀ ਅਮਰੀਕੀ ਪਰੰਪਰਾ ਹੈ ਜੋ ਹਰ ਸਾਲ ਕਰੋੜਾਂ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ, ਅਤੇ ਸਿੱਖ ਸਮਾਜ ਨੂੰ ਲਗਾਤਾਰ ਪੰਜਵੀਂ ਵਾਰ ਇਸ ਫੈਸਟੀਵਲ ਦਾ ਹਿੱਸਾ ਬਣਨ ਦਾ ਮੌਕਾ ਮਿਲ ਰਿਹਾ ਹੈ।