ਭਿਆਨਕ ਅੱਗ 'ਚ ਘਿਰਿਆ ਕੈਲੀਫ਼ੋਰਨੀਆ, ਫ਼ੌਜ ਤਾਇਨਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਤਕ 25 ਲੋਕਾਂ ਦੀਆਂ ਹੋਈਆਂ ਮੌਤਾਂ, ਕਈ ਲਾਪਤਾ

Terrible fire in California

ਕੈਲੀਫੋਰਨੀਆ : ਕੈਲੇਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਨਾਲ 25 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਹਾਲਾਂਕਿ ਤਿੰਨ ਲੱਖ ਲੋਕਾਂ ਨੂੰ ਉੱਥੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਤੇਜ਼ ਹਵਾਵਾਂ ਦੇ ਚੱਲਦਿਆਂ ਅੱਗ ਇਕ ਲੱਖ 70 ਹਜ਼ਾਰ ਏਕੜ ਦੇ ਖ਼ੇਤਰ ਵਿਚ ਫੈਲ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਜੰਗਲਾਂ ਵਿਚ ਲੱਗੀ ਅੱਗ ਨਾਲ ਸੈਂਕੜੇ ਘਰ, ਰੈਸਟੋਰੈਂਟ ਤੇ ਕਾਰਾਂ ਸੜ੍ਹ ਕੇ ਸਵਾਹ ਹੋ ਗਈਆਂ। ਵੀਰਵਾਰ ਤੋਂ ਭੜਕੀ ਇਸ ਅੱਗ ਨੂੰ ਕੈਂਪ ਫ਼ਾਇਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਕੈਲੀਫ਼ੋਰਨੀਆ ਦੇ ਗਰਵਰਨਰ-ਇਲੈਕਟ ਗੇਵਿਨ ਨਿਊਸਮ ਨੇ ਨਾਜ਼ੁਕ ਹਾਲਾਤ ਦੇਖਦਿਆਂ ਸੂਬੇ 'ਚ ਐਮਰਜੈਂਸੀ ਐਲਾਨ ਦਿਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਜਲਦੀ ਤੋਂ ਜਲਦੀ ਮਦਦ ਮੁਹੱਈਆ ਕਰਾਉਣ ਦੇ ਹੁਕਮ ਦਿਤੇ ਹਨ। ਐਮਰਜੈਂਸੀ ਸਰਵਿਸ ਦੇ ਨਿਰਦੇਸ਼ਕ ਮਾਰਕ ਗਿਲਾਰਡੁਚੀ ਮੁਤਾਬਕ ਅੱਗ ਲੱਗਣ ਨਾਲ ਜੋ ਨੁਕਸਾਨ ਹੋਇਆ, ਉਸ ਦਾ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਦਿਆਂ ਦਸਿਆ ਕਿ ਇਕ ਮਿੰਟ 'ਚ 80 ਤੋਂ 100 ਏਕੜ ਵਿਚ ਅੱਗ ਫੈਲ ਰਹੀ ਹੈ। ਅੱਗ 'ਤੇ ਕਾਬੂ ਪਾਉਣ ਲਈ 4 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਸੋਸ਼ਲ ਮੀਡੀਆ 'ਤੇ ਇਸ ਭਿਆਨਕ ਅੱਗ ਦੀਆਂ ਕਈ ਵੀਡੀਓ ਪੋਸਟ ਹੋ ਚੁੱਕੀਆਂ ਹਨ। ਅੱਗ ਕੈਲੀਫ਼ੋਰਨੀਆ ਦੇ ਮਲੀਬੂ ਰਿਜ਼ਾਰਟ ਤਕ ਪੁੱਜ ਗਈ ਹੈ। ਇਹ ਜਗ੍ਹਾ ਅਪਣੀ ਖ਼ੂਬਸੂਰਤੀ ਕਰਕੇ ਕਾਫ਼ੀ ਮਕਬੂਲ ਹੈ। ਇਥੇ ਕਈ ਹਾਲੀਵੁੱਡ ਹਸਤੀਆਂ ਦੇ ਘਰ ਮੌਜੂਦ ਹਨ। ਅੱਗ ਵਧਣ ਨਾਲ ਹਾਲੀਵੁੱਡ ਹਸਤੀਆਂ ਨੂੰ ਵੀ ਘਰ ਖਾਲੀ ਕਰਨ ਦੇ ਆਦੇਸ਼ ਦਿਤੇ ਗਏ ਹਨ।

 ਵੈਨਚਿਊਰਾ ਕਾਊਂਟੀ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਇਥੇ 35 ਹਜ਼ਾਰ ਏਕੜ ਦੇ ਰਕਬੇ ਵਿਚ ਅੱਗ ਫੈਲ ਚੁੱਕੀ ਹੈ।ਹੈਲੀਕਾਪਟਰਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹੁਣ ਤਕ ਇਕ ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਤੇ 88 ਹਜ਼ਾਰ ਘਰਾਂ ਨੂੰ ਖਾਲੀ ਕਰਨ ਦਾ ਨਿਰਦੇਸ਼ ਦਿਤਾ ਗਿਆ ਹੈ। 
(ਪੀਟੀਆਈ)