ਇਟਲੀ : ਨਗਰ ਕੌਂਸਲ ਚੋਣਾਂ 'ਚ ਕਿਸਮਤ ਅਜ਼ਮਾਉਣਗੇ ਇਹ ਪੰਜਾਬੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਵੱਖ-ਵੱਖ ਰਾਜਨੀਤਕ ਪਾਰਟੀਆਂ ਨੇ ਪੰਜਾਬੀ ਭਾਈਚਾਰੇ ਦੇ ਉਮਾਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰਿਆ

photo

 

ਇਟਲੀ : ਇਟਲੀ ਦੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਰਾਜਨੀਤਕ ਪਾਰਟੀਆਂ ਵਲੋਂ ਵੱਖ-ਵੱਖ ਇਲਾਕਿਆਂ ਦੀਆਂ ਹੋਣ ਵਾਲੀਆਂ ਕਮੂਨੇ (ਨਗਰ ਕੌਂਸਲ ਜਾਂ ਨਿਗਮ) ਦੀਆਂ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਰਿਹਾ ਹੈ। 

ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾਂ ਨੇ ਸਿੰਦਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਥਿੰਦ (ਜੋ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਨਾਲ ਸੰਬੰਧਿਤ) ਨੂੰ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ। ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਤੈਰਾਚੀਨਾ ਦੇ ਕਮੂਨੇ ਵਲੋਂ ਕੁਲਦੀਪ ਕੁਮਾਰ (ਜੋ ਕਿ ਪੰਜਾਬ ਦੇ ਪਿੰਡ ਮਨਸੂਰਪੁਰ ਜ਼ਿਲ੍ਹਾ ਜਲੰਧਰ) ਨੂੰ ਫੋਰਸਾ ਐਂਡ ਕੋਰਾਜੀਓ ਪਾਰਟੀ ਵਲੋਂ ਸਿੰਦਕੋ ਮਾਸੀਮਿਲੀਆਨੋ ਫੋਰਨਾਰੀ ਲਈ ਅਤੇ ਪੰਜਾਬੀ ਨੌਜਵਾਨ ਜ਼ਿਲ੍ਹਾ ਲਾਤੀਨਾ ਦੇ ਤੈਰਾਚੀਨਾ ਤੋਂ ਅਜੈ ਰਤਨ (ਜੋ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਹੈ) ਨੂੰ ਦੈਸਤਰਾ ਪਾਰਟੀ ਵਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।

ਪ੍ਰੈਸ ਨਾਲ ਗੱਲਬਾਤ ਕਰਦਿਆਂ ਤਿੰਨਾਂ ਉਮੀਦਵਾਰਾਂ ਵਲੋਂ ਪਹਿਲਾਂ ਤਾਂ ਆਪੋ-ਆਪਣੀਆਂ ਪਾਰਟੀਆਂ ਦੇ ਮੁਖੀਆਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਪੰਜਾਬੀ ਭਾਈਚਾਰੇ 'ਤੇ ਅਤੇ ਉਹਨਾਂ 'ਤੇ ਭਰੋਸਾ ਜਤਾਇਆ ਤੇ ਉਹਨਾਂ ਕਮੂਨੇ ਦੇ ਸਲਾਹਕਾਰ ਵਜੋਂ ਉਮੀਦਵਾਰ ਐਲਾਨਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲ਼ੀ 14 ਤੇ 15 ਮਈ ਨੂੰ ਵੋਟਾਂ ਲੈ ਕੇ ਸੀਟ ਜਿੱਤ ਕੇ ਅਸੀਂ ਪਾਰਟੀ ਅਤੇ ਆਪਣੇ ਸਿੰਦਕੋ ਦੀ ਝੋਲੀ ਪਾਵਾਂਗੇ। ਦੂਜੇ ਪਾਸੇ ਉਨ੍ਹਾਂ ਕਿਹਾ ਸਾਡੇ ਭਾਈਚਾਰੇ ਦੇ ਬਹੁਤ ਸਾਰੇ ਮਸਲੇ ਹਨ, ਜਿਨ੍ਹਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਯਤਨ ਕਰਾਂਗੇ। ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਵੋਟਰ ਕਿਸ-ਕਿਸ ਉਮੀਦਵਾਰ ਨੂੰ ਕਿੰਨੀਆਂ-ਕਿੰਨੀਆਂ ਵੋਟਾਂ ਪਾਉਂਦੇ ਹਨ।