ਮਾਲਦੀਵ ਨੇ ਇਜ਼ਰਾਈਲੀ ਪਾਸਪੋਰਟ ਧਾਰਕਾਂ ’ਤੇ ਲਗਾਈ ਪਾਬੰਦੀ
ਗਾਜ਼ਾ ’ਤੇ ਇਜ਼ਰਾਈਲੀ ਫੌਜੀ ਹਮਲਿਆਂ ਨੂੰ ਲੈ ਕੇ ਮਾਲਦੀਵ ’ਚ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਆਇਆ ਫੈਸਲਾ
ਮਾਲੇ: ਮਾਲਦੀਵ ਸਰਕਾਰ ਨੇ ਐਤਵਾਰ ਨੂੰ ਇਜ਼ਰਾਈਲੀ ਪਾਸਪੋਰਟ ਧਾਰਕਾਂ ਦੇ ਹਿੰਦ ਮਹਾਂਸਾਗਰ ਦੇ ਟਾਪੂ ਸਮੂਹ ’ਚ ਦਾਖਲ ਹੋਣ ’ਤੇ ਪਾਬੰਦੀ ਲਗਾਉਣ ਲਈ ਕਾਨੂੰਨਾਂ ’ਚ ਸੋਧ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਗਾਜ਼ਾ ’ਤੇ ਇਜ਼ਰਾਈਲੀ ਫੌਜੀ ਹਮਲਿਆਂ ਨੂੰ ਲੈ ਕੇ ਮਾਲਦੀਵ ’ਚ ਵੱਧ ਰਹੇ ਲੋਕਾਂ ਦੇ ਗੁੱਸੇ ਦੇ ਵਿਚਕਾਰ ਆਇਆ ਹੈ।
ਨਿਊਜ਼ ਪੋਰਟਲ ਸਨ ਐਮ.ਵੀ. ਦੀ ਖਬਰ ਮੁਤਾਬਕ ਗ੍ਰਹਿ ਮੰਤਰੀ ਅਲੀ ਇਹੁਸਾਨ ਨੇ ਰਾਸ਼ਟਰਪਤੀ ਦਫ਼ਤਰ ’ਚ ਇਕ ਐਮਰਜੈਂਸੀ ਪ੍ਰੈੱਸ ਕਾਨਫਰੰਸ ’ਚ ਇਸ ਫੈਸਲੇ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘‘ਕੈਬਨਿਟ ਨੇ ਮਾਲਦੀਵ ’ਚ ਇਜ਼ਰਾਈਲੀ ਪਾਸਪੋਰਟ ਦੇ ਦਾਖਲੇ ’ਤੇ ਪਾਬੰਦੀ ਲਗਾਉਣ ਲਈ ਜਲਦੀ ਤੋਂ ਜਲਦੀ ਜ਼ਰੂਰੀ ਕਾਨੂੰਨੀ ਸੋਧਾਂ ਕਰਨ ਦਾ ਫੈਸਲਾ ਕੀਤਾ ਹੈ।’’
ਨਿਊਜ਼ ਪੋਰਟਲ ਨੇ ਕਿਹਾ ਕਿ ਕੈਬਨਿਟ ਨੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਮੰਤਰੀਆਂ ਦੀ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਹੈ। ਮਾਲਦੀਵ ’ਚ ਹਰ ਸਾਲ 10 ਲੱਖ ਤੋਂ ਵੱਧ ਸੈਲਾਨੀ ਆਉਂਦੇ ਹਨ। ਇਸ ’ਚ ਇਜ਼ਰਾਈਲ ਦੇ ਲਗਭਗ 15,000 ਸੈਲਾਨੀ ਸ਼ਾਮਲ ਹਨ। ਕੈਬਨਿਟ ਨੇ ਉਨ੍ਹਾਂ ਖੇਤਰਾਂ ਦੀ ਪਛਾਣ ਕਰਨ ਲਈ ਇਕ ਵਿਸ਼ੇਸ਼ ਦੂਤ ਨਿਯੁਕਤ ਕਰਨ ਦਾ ਵੀ ਫੈਸਲਾ ਕੀਤਾ ਜਿੱਥੇ ਫਲਸਤੀਨੀਆਂ ਨੂੰ ਮਾਲਦੀਵ ਤੋਂ ਸਹਾਇਤਾ ਦੀ ਲੋੜ ਹੈ।