ਚੀਨ ਸਰਕਾਰ ਨੇ ਤੈਅ ਕੀਤੀ ਕਲਾਕਾਰਾਂ ਦੀ ਆਮਦਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਦੁਨੀਆਂ ਦਾ ਸੱਭ ਤੋਂ ਵੱਡਾ ਫ਼ਿਲਮ ਬਾਜ਼ਾਰ ਬਣਨ ਦੀ ਰਾਹ 'ਤੇ ਹੈ। ਇਸ ਵਿਚਕਾਰ ਕੁਝ ਸਿਤਾਰਿਆਂ ਨੂੰ ਹੁਣ ਅਪਣੀ.........

Money

ਪੇਈਚਿੰਗ : ਚੀਨ ਦੁਨੀਆਂ ਦਾ ਸੱਭ ਤੋਂ ਵੱਡਾ ਫ਼ਿਲਮ ਬਾਜ਼ਾਰ ਬਣਨ ਦੀ ਰਾਹ 'ਤੇ ਹੈ। ਇਸ ਵਿਚਕਾਰ ਕੁਝ ਸਿਤਾਰਿਆਂ ਨੂੰ ਹੁਣ ਅਪਣੀ ਸ਼ਾਹੀ ਜ਼ਿੰਦਗੀ ਬਾਰੇ ਸੋਚਣਾ ਪੈ ਸਕਦਾ ਹੈ। ਦਰਅਸਲ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਨੇ ਇਨ੍ਹਾਂ ਕਲਾਕਾਰਾਂ ਦੇ ਮਿਹਨਤਾਨੇ 'ਤੇ ਨਜ਼ਰ ਰੱਖੀ ਹੋਈ ਹੈ ਅਤੇ ਪਬਲੀਸਿਟੀ ਡਿਪਾਰਟਮੈਂਟ ਦੇ ਨਾਲ ਹੀ 4 ਹੋਰ ਸਰਕਾਰੀ ਵਿਭਾਗਾਂ ਨੇ ਕਲਾਕਾਰਾਂ ਨੂੰ ਮਿਲਣ ਵਾਲੇ ਬੇਹਿਸਾਬ ਧਨ ਦੀ ਹੱਦ ਤੈਅ ਕਰਨ ਦੇ ਸਬੰਧ ਵਿਚ ਹੁਕਮ ਜਾਰੀ ਕਰ ਦਿਤੇ ਹਨ। ਦਰਅਸਲ ਚੀਨ ਵਿਚ ਕਲਾਕਾਰ ਟੈਕਸ ਤੋਂ ਬਚਣ ਲਈ 'ਯਿਨ-ਯਾਂਗ' ਨਾਂ ਦੇ ਖਾਸ ਸਮਝੌਤਿਆਂ ਦਾ ਸਹਾਰਾ ਲੈਂਦੇ ਹਨ।

ਇਨ੍ਹਾਂ ਖ਼ਾਸ ਸਮਝੌਤਿਆਂ ਦਾ ਸੋਸ਼ਲ ਮੀਡੀਆ 'ਤੇ ਬੀਤੇ ਮਹੀਨੇ ਕਾਫ਼ੀ ਵਿਰੋਧ ਵੀ ਹੋਇਆ ਹੈ। 'ਬਲੂਮਬਰਗ' ਦੀ ਰੀਪੋਰਟ ਮੁਤਾਬਕ ਬੀਤੇ ਬੁਧਵਾਰ ਨੂੰ ਜਾਰੀ ਕੀਤੇ ਗਏ ਹੁਕਮਾਂ 'ਚ ਕਿਹਾ ਗਿਆ ਹੈ ਕਿ ਹੁਣ ਚੀਨ ਵਿਚ ਕਲਾਕਾਰਾਂ ਨੂੰ ਕੁੱਲ ਲਾਗਤ ਦਾ 40 ਫ਼ੀ ਸਦੀ ਤੋਂ ਜ਼ਿਆਦਾ ਹਿੱਸਾ ਨਹੀਂ ਦਿਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਲੀਡ ਐਕਟਰਜ਼ ਨੂੰ ਪੂਰੀ ਕਾਸਟ ਨੂੰ ਦਿਤੀ ਫੀਸ ਦਾ 70 ਫ਼ੀ ਸਦੀ ਤੋਂ ਵੱਧ ਹਿੱਸਾ ਨਹੀਂ ਮਿਲ ਸਕਦਾ। ਇਹ ਤੈਅ ਹੱਦ ਫ਼ਿਲਮ, ਟੀ.ਵੀ. ਡਰਾਮਾ ਅਤੇ ਡਿਜ਼ੀਟਲ ਸੀਰੀਜ਼ 'ਤੇ ਲਾਗੂ ਹੈ। 'ਯਿਨ-ਯਾਂਗ' ਸਮਝੌਤਿਆਂ ਦੇ ਤਹਿਤ ਕੋਈ ਵੀ ਕਲਾਕਾਰ ਦੋ ਸਮਝੌਤਿਆਂ 'ਤੇ ਦਸਤਖ਼ਤ ਕਰਦਾ ਹੈ। (ਏਜੰਸੀ)