ਤੇਜ਼ ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਦੱਖਣੀ ਈਰਾਨ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਕਟਰ ਪੈਮਾਨੇ 'ਤੇ 6.1 ਮਾਪੀ ਗਈ ਭੂਚਾਲ ਦੀ ਤੀਬਰਤਾ

Earthquake In Iran



ਤਹਿਰਾਨ: ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਸ਼ਨੀਵਾਰ ਤੜਕੇ ਦੱਖਣੀ ਈਰਾਨ ਵਿਚ ਆਏ 6.1 ਤੀਬਰਤਾ ਦੇ ਭੂਚਾਲ ਕਾਰਨ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਬਾਅਦ 'ਚ ਇਸ ਖੇਤਰ 'ਚ ਰਿਕਟਰ ਪੈਮਾਨੇ 'ਤੇ 6.3 ਤੀਬਰਤਾ ਦੇ ਦੋ ਹੋਰ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਰਾਇਟਰਸ ਨੇ ਇਕ ਈਰਾਨੀ ਅਧਿਕਾਰੀ ਮੇਹਰਦਾਦ ਹਸਨਜ਼ਾਦੇਹ ਦੇ ਹਵਾਲੇ ਨਾਲ ਕਿਹਾ, "ਭੂਚਾਲ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ ਘੱਟੋ-ਘੱਟ 12 ਲੋਕਾਂ ਨੂੰ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।"

Earthquake

ਇਸ ਦੇ ਨਾਲ ਹੀ ਸਰਕਾਰੀ ਸਮਾਚਾਰ ਏਜੰਸੀ ਆਈਆਰਐਨਏ ਨੇ ਦੱਸਿਆ ਹੈ ਕਿ ਇੱਥੇ ਇਕ ਦਰਜਨ ਤੋਂ ਵੱਧ ਝਟਕੇ ਆਏ ਹਨ, ਜਿਸ ਕਾਰਨ ਈਰਾਨ ਦੇ ਖਾੜੀ ਤੱਟ ਨੇੜੇ ਸਾਈਹ ਖੋਸ਼ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। IRNA ਨੇ ਇਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ, "ਪਹਿਲੇ ਝਟਕੇ ਵਿਚ ਸਾਰੇ ਪੀੜਤਾਂ ਦੀ ਮੌਤ ਹੋ ਗਈ, ਜਦਕਿ ਅਗਲੇ ਦੋ ਗੰਭੀਰ ਝਟਕਿਆਂ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ, ਕਿਉਂਕਿ ਲੋਕ ਪਹਿਲਾਂ ਹੀ ਆਪਣੇ ਘਰਾਂ ਤੋਂ ਬਾਹਰ ਸਨ।"ਭੂਚਾਲ ਦਾ ਕੇਂਦਰ ਈਰਾਨ ਦੇ ਬੰਦਰਗਾਹ ਸ਼ਹਿਰ ਬੰਦਰ ਅੱਬਾਸ ਤੋਂ ਕਰੀਬ ਸੌ ਕਿਲੋਮੀਟਰ ਦੂਰ ਸੀ।

Earthquake

ਸੋਸ਼ਲ ਮੀਡੀਆ 'ਤੇ ਲੋਕ ਦੱਸ ਰਹੇ ਹਨ ਕਿ ਭੂਚਾਲ ਦੇ ਝਟਕੇ ਚੀਨ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਅਤੇ ਬਹਿਰੀਨ ਸਮੇਤ ਨੇੜਲੇ ਕਈ ਦੇਸ਼ਾਂ 'ਚ ਮਹਿਸੂਸ ਕੀਤੇ ਗਏ ਹਨ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਕ ਟਵੀਟ 'ਚ ਕਿਹਾ ਹੈ ਕਿ ਚੀਨ 'ਚ ਰਿਕਟਰ ਪੈਮਾਨੇ 'ਤੇ 4.3 ਤੀਬਰਤਾ ਦਾ ਭੂਚਾਲ ਆਇਆ ਹੈ, ਜਿਸ ਦਾ ਕੇਂਦਰ ਸ਼ਿਨਜਿਆਂਗ ਸੂਬੇ 'ਚ ਸੀ।

Earthquake

ਦੋ ਵੱਡੀਆਂ ਟੈਕਟੋਨਿਕ ਪਲੇਟਾਂ 'ਤੇ ਸਥਿਤ ਈਰਾਨ 'ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। 1990 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਭੂਚਾਲਾਂ ਵਿਚ 80,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 2003 ਵਿਚ ਕੇਰਮਾਨ ਪ੍ਰਾਂਤ ਵਿਚ ਇਕ 6.6-ਤੀਵਰਤਾ ਵਾਲੇ ਭੂਚਾਲ ਵਿਚ ਲਗਭਗ 31,000 ਲੋਕ ਮਾਰੇ ਗਏ ਸਨ, ਜਿਸ ਨੇ ਬਾਮ ਸ਼ਹਿਰ ਨੂੰ ਤਬਾਹ ਕਰ ਦਿੱਤਾ ਸੀ।