ਕੋਰੋਨਾ ਵਾਇਰਸ ਦਾ ਗੜ੍ਹ ਬਣਦਾ ਜਾ ਰਿਹਾ ਏਸ਼ੀਆ! WHO ਦੀ ਚੇਤਾਵਨੀ- ‘ਹਾਲੇ ਲੰਬੀ ਚੱਲੇਗੀ ਮਹਾਂਮਾਰੀ’

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਸ਼ਵ ਸਿਹਤ ਸੰਗਠਨ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਫ਼ੀ ਸਮੇਂ ਤੱਕ ਚੱਲਣ ਵਾਲੀ ਹੈ।

World Health Organisation

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ ਨੇ ਸ਼ਨੀਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਫ਼ੀ ਸਮੇਂ ਤੱਕ ਚੱਲਣ ਵਾਲੀ ਹੈ ਅਤੇ ਇਸ ਦੇ ਖਿਲਾਫ਼ ਪ੍ਰਤੀਕਿਰਿਆ ਦੇਣ ਵਿਚ ਸੁਸਤੀ ਆ ਸਕਦੀ ਹੈ। 6 ਮਹੀਨੇ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਗਲੋਬਲ ਐਮਰਜੈਂਸੀ ਐਲਾਨਿਆ ਸੀ। ਹੁਣ ਤੱਕ ਇਸ ਮਹਾਂਮਾਰੀ ਨੇ ਦੁਨੀਆਂ ਭਰ ਵਿਚ 6.8 ਲੱਖ ਲੋਕਾਂ ਦੀ ਜਾਨ ਲਈ ਹੈ।

ਦੁਨੀਆਂ ਭਰ ਵਿਚ 1.75 ਕਰੋੜ ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਕਈ ਦੇਸ਼ ਆਰਥਕ ਸੰਕਟ ਦਾ ਸਾਹਮਣਾ ਵੀ ਕਰ ਰਹੇ ਹਨ ਪਰ ਵਾਇਰਸ ਕਾਰਨ ਉਹ ਲੌਕਡਾਊਨ ਲਗਾਉਣ ਲਈ ਮਜਬੂਰ ਹਨ। ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਕਮੇਟੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਸ ਮਹਾਂਮਾਰੀ ਦੇ ਜ਼ਿਆਦਾ ਸਮੇਂ ਤੱਕ ਰਹਿਣ ਦੀ ਸੰਭਾਵਨਾ ਹੈ ਅਤੇ ਅਜਿਹੇ ਵਿਚ ਰਾਸ਼ਟਰੀ, ਖੇਤਰੀ ਅਤੇ ਗਲੋਬਲ ਪੱਧਰ ‘ਤੇ ਯਤਨਾਂ ਦੀ ਲੋੜ ਹੈ।

ਡਬਲਿਯੂਐਚਓ ਦੇ ਹਾਲ ਹੀ ਵਿਚ ਆਏ ਬਿਆਨ ਅਨੁਸਾਰ ਕੋਰੋਨਾ ਵਾਇਰਸ ਦੇ ਖਤਰੇ ਦਾ ਪੱਧਰ ਬਹੁਤ ਜ਼ਿਆਦਾ ਦੱਸਿਆ ਗਿਆ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਕ ਪਾਸੇ ਜਿੱਥੇ ਪੱਛਮੀ ਦੇਸ਼ ਫਿਰ ਤੋਂ ਲੌਕਡਾਊਨ ਵੱਲ ਪਰਤ ਰਹੇ ਹਨ ਤਾਂ ਦੂਜੇ ਪਾਸੇ ਉਹਨਾਂ ਨੂੰ ਆਰਥਕ ਸੁਸਤੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਮਹਾਂਮਾਰੀ ਦਾ ਅਸਰ ਆਉਣ ਵਾਲੇ ਦਹਾਕਿਆਂ ਵਿਚ ਦੇਖਿਆ ਜਾਵੇਗਾ।

ਏਸ਼ੀਆ ਵਿਚ ਹਾਲਾਤ ਹੋਰ ਵੀ ਚਿੰਤਾਜਨਕ ਹੋਣ ਜਾ ਰਹੇ ਹਨ। ਸਖ਼ਤ ਪਾਬੰਦੀਆਂ ਦੇ ਬਾਵਜੂਦ ਭਾਰਤ ਵਿਚ ਇਕ ਦਿਨ ‘ਚ 57 ਹਜ਼ਾਰ ਅਤੇ ਫਿਲੀਪੀਂਜ਼ ਵਿਚ 5 ਹਜ਼ਾਰ ਨਵੇਂ ਮਾਮਲੇ ਦੇਖੇ ਗਏ ਹਨ। ਦੂਜੇ ਪਾਸੇ ਜਪਾਨ ਅਤੇ ਓਕਿਨਾਵਾ ਵਿਚ ਜ਼ਿਆਦਾ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਐਮਰਜੈਂਸੀ ਦਾ ਐਲ਼ਾਨ ਕਰ ਦਿੱਤਾ ਗਿਆ ਹੈ।   ਭਾਰਤ ਵਿਚ ਕੋਰੋਨਾ ਵਾਇਰਸ ਦੀ ਚਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

ਕੋਰੋਨਾ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਰੋਜ਼ਾਨਾ 50 ਹਜ਼ਾਰ ਤੋਂ ਜ਼ਿਆਦਾ ਮਰੀਜ਼ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 54,736 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਸਿਹਤ ਮੰਤਰੀ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 17 ਲੱਖ ਤੋਂ ਪਾਰ ਜਾ ਚੁੱਕੀ ਹੈ। ਦੇਸ਼ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 17,0,723 ਹੋ ਚੁੱਕੀ ਹੈ। ਇਹਨਾਂ ਵਿਚ 5,67,730 ਐਕਟਿਵ ਕੇਸ ਹਨ।