ਅਮਰੀਕੀ ਰੱਖਿਆ ਵਿਭਾਗ ਦਾ ਦਾਅਵਾ, ਚੀਨ ਨੇ ਪ੍ਰਮਾਣੂ ਹਥਿਆਰ ਦੁੱਗਣੇ ਕਰਨ ਦਾ ਕੰਮ ਅਰੰਭਿਆ!

ਏਜੰਸੀ

ਖ਼ਬਰਾਂ, ਕੌਮਾਂਤਰੀ

ਦੂਜੇ ਮੁਲਕਾਂ 'ਚ ਮਿਲਟਰੀ ਅੱਡੇ ਬਣਾਉਣ ਦੀ ਕੋਸ਼ਿਸ਼ ਕਰ ਰਿਹੈ ਚੀਨ

chinese army

ਵਾਸ਼ਿੰਗਟਨ : ਦੁਨੀਆਂ ਦੀ ਸੁਪਰ ਪਾਵਰ ਬਣਨ ਦੀ ਮਨਸ਼ਾ ਤਹਿਤ ਚੀਨ ਨੇ ਅਪਣੇ ਪ੍ਰਮਾਣੂ ਹਥਿਆਰਾਂ ਦੇ ਜ਼ਖ਼ੀਰੇ ਨੂੰ ਦੁੱਗਣਾ ਕਰਨ ਦਾ ਕੰਮ ਅਰੰਭ ਦਿਤਾ ਹੈ। ਇੰਨਾ ਹੀ ਨਹੀਂ, ਉਸ ਨੇ ਦੂਜੇ ਦੇਸ਼ਾਂ ਅੰਦਰ ਅਪਣੇ ਮਿਲਟਰੀ ਟਿਕਾਣੇ ਵਧਾਉਣ ਲਈ ਵੀ ਸਰਗਰਮੀ ਵਧਾ ਦਿਤੀ ਹੈ। ਅਮਰੀਕੀ ਰੱਖਿਆ ਵਿਭਾਗ ਪੇਂਟਾਗਨ ਨੇ ਚੀਨੀ ਫ਼ੌਜ ਦੀ ਸਾਲਾਨਾ ਰੀਪੋਰਟ 'ਚ ਖਦਸ਼ਾ ਜਾਹਰ ਕੀਤਾ ਹੈ ਕਿ ਚੀਨ ਅਮਰੀਕਾ ਨੂੰ ਟੱਕਰ ਦੇਣ ਅਤੇ ਸੁਪਰ ਪਾਵਰ ਬਣਨ ਦੀ ਚਾਹਤ ਤਹਿਤ ਅਜਿਹਾ ਕਰ ਰਿਹਾ ਹੈ। ਪੇਂਟਾਗਨ ਦੀ ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਇਕ ਵਾਰ ਫਿਰ ਅਪਣੀ ਚਰਮ ਸੀਮਾ 'ਤੇ ਪਹੁੰਚ ਗਿਆ ਹੈ। ਉਧਰ ਅਮਰੀਕਾ ਵੀ ਪਲ ਪਲ ਬਦਲ ਰਹੇ ਹਾਲਾਤਾਂ 'ਤੇ ਨਜ਼ਰ ਰੱਖ ਰਿਹਾ ਹੈ।

ਰਿਪੋਰਟ ਮੁਤਾਬਕ ਚੀਨ ਭਾਰਤ ਦੇ ਤਿੰਨ ਗੁਆਢੀ ਦੇਸ਼ਾਂ ਅੰਦਰ ਅਪਣੇ ਫ਼ੌਜੀ ਟਿਕਾਣੇ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਮਨਸ਼ਾ ਲੰਮੀ ਦੂਰੀ ਤਕ ਅਪਣਾ ਮਿਲਟਰੀ ਦਬਦਬਾ ਬਣਾਉਣ ਦੀ ਹੈ। ਇਹ ਰਿਪੋਰਟ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਨੂੰ ਸੌਂਪ ਦਿਤੀ ਗਈ ਹੈ। ਰਿਪੋਰਟ ਮੁਤਾਬਕ ਚੀਨ ਨੇ ਭਾਰਤ ਦੇ ਤਿੰਨ ਗੁਆਢੀ ਦੇਸ਼ਾਂ ਪਾਕਿਸਤਾਨ, ਸ੍ਰੀਲੰਕਾ ਅਤੇ ਮੀਆਂਮਾਰ ਤੋਂ ਇਲਾਵਾ ਥਾਈਲੈਂਡ, ਸਿੰਗਾਪੁਰ, ਇੰਡੋਨੇਸ਼ੀਆ, ਸੱਯੁਕਤ ਅਰਬ ਅਮੀਰਾਤ, ਕੀਨੀਆ, ਸੇਸ਼ਲਜ਼, ਤੰਜਾਨੀਆ, ਅੰਗੋਲਾ ਅਤੇ ਤਜਾਕਿਸਤਾਨ ਵਿਚ ਵੀ ਅਪਣੇ ਫ਼ੌਜੀ ਟਿਕਾਣੇ ਬਣਾਉਣ 'ਤੇ ਵਿਚਾਰ ਕਰ ਰਿਹਾ ਹੈ।

ਪੇਂਟਾਗਨ ਮੁਤਾਬਕ ਚੀਨ ਦੇ ਇਹ ਸੰਭਾਵਿਤ ਟਿਕਾਣੇ ਜਿਬੂਤੀ ਵਿਚ ਚੀਨੀ ਮਿਲਟਰੀ ਅੱਡੇ ਤੋਂ ਵੱਖਰੇ ਹੋਣਗੇ। ਇਹ ਅੱਡੇ ਸਥਾਪਤ ਕਰਨ ਪਿੱਛੇ ਚੀਨ ਦਾ ਮਕਸਦ ਨੇਵੀ, ਹਵਾਈ ਫ਼ੌਜ ਅਤੇ ਜ਼ਮੀਨੀ ਫ਼ੌਜ ਦੀ ਸਮਰੱਥਾ ਨੂੰ ਹੋਰ ਬਿਹਤਰ ਤੇ ਮਜ਼ਬੂਤ ਕਰਨਾ ਹੈ। ਰਿਪੋਰਟ ਮੁਤਾਬਕ ਪੀਐਲਏ ਦੇ ਮਿਲਟਰੀ ਅੱਡਿਆਂ ਦਾ ਇਹ ਨੈੱਟਵਰਕ ਅਮਰੀਕੀ ਅਮਰੀਕੀ ਮਿਲਟਰੀ ਅਪਰੇਸ਼ਨਾਂ ਵਿਚ ਦਾਖ਼ਲ ਅੰਦਾਜ਼ੀ ਕਰ ਸਕਦਾ ਹੈ ਅਤੇ ਚੀਨ ਗਲੋਬਲ ਮਿਲਟਰੀ ਉਦੇਸ਼ਾਂ ਦੇ ਤਹਿਤ ਅਮਰੀਕਾ ਦੇ ਖਿਲਾਫ਼ ਹਮਲਾਵਰ ਆਪਰੇਸ਼ਨਾਂ ਦਾ ਸਮਰਥਨ ਕਰ ਸਕਦਾ ਹੈ।

ਰਿਪੋਰਟ ਮੁਤਾਬਕ ਚੀਨ ਕੋਲ ਇਸ ਵੇਲੇ 200 ਦੇ ਕਰੀਬ ਪ੍ਰਮਾਣੂ ਹਥਿਆਰ ਹਨ ਜਿਨ੍ਹਾਂ ਨੂੰ ਉਹ ਦੁੱਗਣਾ ਕਰਨ ਦੀ ਕੋਸ਼ਿਸ਼ 'ਚ ਹੈ। ਆਉਣ ਵਾਲੇ ਸਮੇਂ 'ਚ ਚੀਨ ਜ਼ਮੀਨ, ਪਣਡੁੱਬੀਆਂ ਅਤੇ ਹਵਾਈ ਬੰਬਾਰ ਨਾਲ ਦਾਗੀਆ ਜਾਣ ਵਾਲੀਆਂ ਮਿਜ਼ਾਈਲਾਂ ਦੇ ਭੰਡਾਰ ਵਿਚ ਵੀ ਵਾਧਾ ਕਰਨ ਵਾਲਾ ਹੈ। ਰਿਪੋਰਟ ਮੁਤਾਬਕ ਚੀਨ ਆਉਂਦੇ 10 ਸਾਲਾਂ ਦੌਰਾਨ ਅਪਣੀ ਪ੍ਰਮਾਣੂ ਤਾਕਤ ਦਾ ਵਿਸਥਾਰ ਕਰਦਿਆਂ ਅਪਣੇ ਹਥਿਆਰਾਂ ਦੀ ਗਿਣਤੀ ਦੁੱਗਣੀ ਕਰਨ ਜਾ ਰਿਹਾ ਹੈ।

ਕਾਬਲੇਗੌਰ ਹੈ ਕਿ ਦੁਨੀਆਂ ਨੂੰ ਕਰੋਨਾ ਵਾਇਰਸ ਦੀ ਮਹਾਮਾਰੀ 'ਚ ਉਲਝਾ ਕੇ ਚੀਨ ਅੰਦਰਖਾਤੇ ਅਪਣੇ ਸੁਪਰ ਪਾਵਰ ਬਣਨ ਦੇ ਮਨਸੂਬਿਆਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਤਾਕਤ 'ਚ ਹੈ। ਇਸੇ ਤਹਿਤ ਉਸ ਨੇ ਅਪਣੇ ਗੁਆਢੀ ਦੇਸ਼ਾਂ ਨੂੰ ਵੀ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿਤੀਆਂ ਹਨ। ਭਾਰਤ ਸਮੇਤ ਉਸ ਦੇ ਅਪਣੇ ਜ਼ਿਆਦਾਤਰ ਗੁਆਢੀ ਮੁਲਕਾਂ ਨਾਲ ਸਰਹੱਦੀ ਵਿਵਾਦ ਚੱਲ ਰਹੇ ਹਨ। ਦੱਖਣੀ ਚੀਨ ਸਾਗਰ ਸਮੇਤ ਦੂਜੇ ਵਿਵਾਦਤ ਖੇਤਰਾਂ 'ਚ ਚੀਨ ਅਪਣੀਆਂ ਸਰਗਰਮੀ ਵਧਾ ਰਿਹਾ ਹੈ।